ਸੁਸਾਇਟੀ ਫ਼ਾਰ ਸਪੋਰਟਸ ਪਰਸਨਜ਼ ਵੈਲਫੇਅਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ
ਪਟਿਆਲਾ : ਕੌਮਾਂਤਰੀ ਸਾਈਕਲਿਸਟ ਭਵਜੀਤ ਸਿੰਘ ਸਿੱਧੂ, ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਸਮਾਗਮ ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿੱਥੇ ਵੱਖੋ-ਵੱਖ ਸਖਸ਼ੀਅਤਾਂ, ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਉਹਨਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸ. ਜਗਦੀਪ ਸਿੰਘ ਕਾਹਲੋਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਕੁਝ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਆਪਣੀ ਮਿਹਨਤ ਦੇ ਨਾਲ ਸਮਾਜ ਵਿੱਚ ਵੱਡਾ ਯੋਗਦਾਨ ਪਾ ਕੇ ਆਪਣੀ ਵਿਲੱਖਣ ਪਛਾਣ ਬਣਾ ਕੇ ਸੰਸਾਰ ਤੋਂ ਜਾਂਦੇ ਹਨ। ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਖੁਸ਼ਬੂ ਨਾਲ ਸਮਾਜ ਜਿੱਥੇ ਮਹਿਕਦਾ ਰਹਿੰਦਾ ਹੈ, ਉਥੇ ਉਹ ਵੱਡੀ ਗਿਣਤੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ। ਸ. ਕਾਹਲੋਂ ਨੇ ਕਿਹਾ ਕਿ ਅਜਿਹੀ ਹੀ ਮਹਿਕਾਂ ਵੰਡਦੀ ਸ਼ਖਸੀਅਤ ਸਨ, ਭਵਜੀਤ ਸਿੰਘ ਸਿੱਧੂ, ਜਿਨ੍ਹਾਂ ਨੇ ਟਿੱਬਿਆਂ ਦੀ ਧਰਤੀ ਬਰਨਾਲਾ ਦੇ ਪਿੰਡ ਦਿਵਾਨਾ ਤੋਂ ਉੱਠ ਕੇ ਪਹਿਲਾਂ ਆਪਣੀ ਮਿਹਨਤ ਨਾਲ ਪਟਿਆਲੇ ਵਰਗੇ ਸ਼ਹਿਰ ਵਿੱਚ ਆਪਣੀ ਪਛਾਣ ਕਾਇਮ ਕੀਤੀ ਤੇ ਫਿਰ ਸਾਈਕਲਿੰਗ ਦੇ ਜ਼ਰੀਏ ਆਪਣੀ ਤੇ ਪੰਜਾਬ ਦੀ ਸ਼ਾਨ ਦਾ ਝੰਡਾ ਦੁਨੀਆਂ ਪੱਧਰ ਉਤੇ ਕਾਇਮ ਕੀਤਾ। 06 ਅਗਸਤ 1962 ਨੂੰ ਸ. ਸਿੱਧੂ ਦਾ ਜਨਮ ਹੋਇਆ ਤੇ 46 ਵਰ੍ਹਿਆਂ ਦੀ ਉਮਰ ਵਿੱਚ ਉਨ੍ਹਾਂ ਨੇ ਕੇਵਲ ਸ਼ੌਕ ਅਤੇ ਤੰਦਰੁਸਤੀ ਲਈ ਸਾਈਕਲਿੰਗ ਸ਼ੁਰੂ ਕੀਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤਾਈਂ ਕਰੀਬ 1.5 ਲੱਖ ਕਿਲੋਮੀਟਰ ਸਾਈਕਲ ਚਲਾਇਆ, ਜੋਕਿ ਆਪਣੇ ਆਪ ਦੇ ਵਿੱਚ ਮਿਸਾਲ ਐ। ਜਿਸ ਦਿਨ ਉਹਨਾਂ ਨੇ ਸੰਸਾਰ ਨੂੰ ਅਲਵਿਦਾ ਆਖਿਆ, ਉਸ ਦਿਨ ਵੀ ਸਾਈਕਲ ਚਲਾਉਣ ਤੋਂ ਨਹੀਂ ਖੁੰਝੇ।
ਸ. ਕਾਹਲੋਂ ਨੇ ਦੱਸਿਆ ਕਿ ਸ. ਭਵਜੀਤ ਸਿੱਧੂ ਹੋਰਾਂ ਦਾ ਇਹ ਸੁਫ਼ਨਾ ਸੀ ਕਿ ਜੇਕਰ ਮਨੁੱਖ ਇਸ ਸੰਸਾਰ 'ਤੇ ਆਇਆ ਹੈ ਤਾਂ ਇੱਕ ਤੰਦੁਰਸਤ ਜ਼ਿੰਦਗੀ ਜੀਅ ਕੇ ਜਾਵੇ। ਇਸੇ ਸੁਫਨੇ ਦੀ ਪੂਰਤੀ ਲਈ ਉਨ੍ਹਾਂ ਨੇ 15 ਸੱਜਣਾਂ ਨੂੰ ਨਾਲ ਲੈ ਕੇ ਸਾਲ 2016 ਵਿੱਚ ਰੋਆਇਲ ਪਟਿਆਲਾ ਰਾਈਡਰਜ਼ ਦੇ ਨਾਮ ਹੇਠ ਕਲੱਬ ਦੀ ਸ਼ੁਰੂਆਤ ਕੀਤੀ। ਤੰਦਰੁਸਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨ ਲਈ ਬਣਾਏ ਇਸ ਕਲੱਬ ਵਿੱਚ ਰੋਜ਼ਾਨਾ ਸਾਈਕਲਿੰਗ ਕਰਨ ਵਾਲਿਆਂ ਵਿੱਚ 45 ਮੈਂਬਰ ਸ਼ਾਮਲ ਹੋ ਚੁੱਕੇ ਹਨ।ਜਿਹੜੇ ਕਿ ਰੋਜ਼ਾਨਾ ਘੱਟੋ-ਘੱਟ 40 ਕਿਲੋਮੀਟਰ ਸਾਈਕਲ ਚਲਾਉਂਦੇ ਹਨ।
ਸ. ਕਾਹਲੋਂ ਨੇ ਕਿਹਾ ਕਿ ਆਮ ਤੌਰ ਉਤੇ ਜਿਹੜੀ ਉਮਰ ਖਿਡਾਰੀ ਆਪਣੀ ਖੇਡ ਤੋਂ ਪਾਸੇ ਹੱਟ ਜਾਂਦੇ ਹਨ। ਸ. ਸਿੱਧੂ ਨੇ ਉਸ ਉਮਰ ਵਿੱਚ ਸਾਈਕਲਿੰਗ ਸ਼ੁਰੂ ਕੀਤੀ ਤੇ ਅਮਰੀਕਾ ਵਿੱਚ ਹੋਈ ਸਾਈਕਲਿੰਗ ਰੇਸ ਵਿੱਚ ਹਿੱਸਾ ਲਿਆ ਤੇ ਪੰਜਾਬ ਤੇ ਭਾਰਤ ਦਾ ਮਾਣ ਵਧਾਇਆ। ਕੁਦਰਤ ਦੀ ਖੇਡ ਵੇਖੋ ਕਿ ਖੇਡਾਂ ਨੂੰ ਪਿਆਰ ਕਰਨ ਵਾਲੇ ਉਸ ਪ੍ਰਵਾਨੇ ਦਾ ਭੋਗ ਵੀ ਕੌਮਾਂਤਰੀ ਓਲੰਪਿਕ ਦਿਵਸ ਵਾਲੇ ਦਿਨ ਪਿਆ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਪਟਿਆਲਾ ਜਿੱਥੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ, ਉਥੇ ਸਾਈਕਲਿੰਗ ਖੇਡ ਦੇ ਇਸ ਸੱਚੇ ਸਪੂਤ ਨੂੰ ਨਮਨ ਕਰਦੀ ਹੋਈ। ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਪਟਿਆਲਾ ਵਲੋਂ ਮਰਹੂਮ ਭਵਜੀਤ ਸਿੰਘ ਸਿੱਧੂ ਦੇ ਨਾਮ 'ਤੇ ਟੂਰਨਾਮੈਂਟ ਕਰਵਾਇਆ ਜਾਵੇਗਾ। ਸੁਸਾਇਟੀ ਫ਼ਾਰ ਸਪੋਰਟਸ ਪਰਸਨਜ਼ ਵੈਲਫੇਅਰ ਵੱਲੋਂ ਵੀ ਇਸ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੁਨੀਤ ਕਪੂਰ, ਸਾਈਕਲਿਸਟ ਰਾਇਲ ਪਟਿਆਲਾ ਰਾਈਡਰਜ਼ ਕਲੱਬ, ਕੰਵਰ ਗਿੱਲ ਸਾਈਕਲਿਸਟ, ਰਾਇਲ ਪਟਿਆਲਾ ਰਾਈਡਰਜ਼ ਕਲੱਬ, ਗੁਨਤਾਸ ਸਿੰਘ ਸਿੱਧੂ ਪੁੱਤਰ, ਪ੍ਰਭਜੀਤ ਸਿੰਘ ਸਿੱਧੂ ਭਰਾ, ਸਤਿੰਦਰਪਾਲ ਸਿੰਘ ਨੈਸ਼ਨਲ ਸਾਈਕਲਿਸਟ, ਸੁਰਿੰਦਰ ਸਿੰਘ ਸ਼ੰਕਰਪੁਰ, ਸਾਬਕਾ ਹੈਂਡਬਾਲ ਖਿਡਾਰੀ, ਦੇ ਨਾਲ-ਨਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ, ਖਿਡਾਰੀਆਂ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।