ਪਟਿਆਲਾ : ਚੈੱਕ ਰਿਪਬਲਿਕ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਰੈੰਕਿੰਗ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੈਰਾ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੂਜਾ ਨੇ ਰਿਕਰਵ ਮਿਕਸ ਟੀਮ ਈਵੈਂਟ ਦੇ ਫ਼ਾਈਨਲ ਵਿੱਚ ਪੋਲੈਂਡ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਭਾਰਤ ਦੀ ਝੋਲ਼ੀ ਪਾਇਆ ਹੈ। ਪਰੀ-ਕੁਆਰਟਰ ਫ਼ਾਈਨਲ ਵਿੱਚ ਯੂ. ਐੱਸ. ਏ., ਕੁਆਰਟਰ ਫ਼ਾਈਨਲ ਵਿੱਚ ਜਪਾਨ ਅਤੇ ਸੈਮੀ ਫ਼ਾਈਨਲ ਵਿੱਚ ਚੀਨ ਨੂੰ ਹਰਾਉਣ ਤੋਂ ਬਾਅਦ ਇਹ ਮਿਕਸ ਟੀਮ ਪੋਲੈਂਡ ਦੀ ਟੀਮ ਨਾਲ਼ ਭਿੜੀ ਸੀ। ਇਸ ਪ੍ਰਾਪਤੀ ਦੇ ਨਾਲ਼ ਹੀ ਪੂਜਾ ਨੇ ਰਿਕਰਵ ਵਿਮੈਨ ਟੀਮ ਵਿੱਚ ਸੋਨ ਤਗ਼ਮਾ ਅਤੇ ਹਰਵਿੰਦਰ ਸਿੰਘ ਨੇ ਕਾਂਸੀ ਤਗ਼ਮਾ ਵੀ ਜਿੱਤ ਲਿਆ ਹੈ।
ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਪ੍ਰੋ. ਅਜੀਤਾ ਨੇ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਅਤੇ ਪੈਰਾ ਓਲਿੰਪਕਸ ਪੈਰਿਸ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਹ ਦੋ ਪੈਰਾ ਤੀਰਅੰਦਾਜ਼ ਹੁਣ 2024 ਦੀਆਂ ਪੈਰਾ ਓਲਿੰਪਕਸ ਪੈਰਿਸ ਵਿੱਚ ਸ਼ਿਰਕਤ ਕਰਨਗੇ।