ਸਰਕਲ ਮਾਲ ਅਫਸਰਾਂ ਨੂੰ ਮਾਲ ਪਟਵਾਰੀ ਦੇ ਛੁੱਟੀ 'ਤੇ ਜਾਣ ਦੀ ਸੂਰਤ ਵਿੱਚ ਬਦਲ ਯਕੀਨੀ ਬਣਾਉਣ ਲਈ ਕਿਹਾ
ਬਕਾਇਆ ਇੰਤਕਾਲਾਂ ਅਤੇ ਜਮਾਂਬੰਦੀਆਂ ਦਾ ਜਲਦ ਨਿਪਟਾਰਾ ਕਰਨ ਦੇ ਹੁਕਮ
ਮੀਟਿੰਗ ਕਰਕੇ ਮਾਲ ਅਫਸਰਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਮੋਹਾਲੀ :ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਮਾਲ ਦਫ਼ਤਰਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਾਲ ਅਧਿਕਾਰੀਆਂ ਅਤੇ ਸਟਾਫ਼ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਹੈ। ਸਹਾਇਕ ਕਮਿਸ਼ਨਰ (ਜਨਰਲ) ਦੀ ਅਗਵਾਈ ਵਾਲੇ ਸੈੱਲ ਵਿੱਚ ਦੋ-ਪੱਖੀ ਕਾਰਜ ਪ੍ਰਣਾਲੀ ਹੋਵੇਗੀ - ਇੱਕ ਮਾਲ ਅਫਸਰਾਂ ਲਈ ਅਤੇ ਦੂਜਾ ਹੋਰ ਸਟਾਫ ਲਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਸ਼ਨਿੱਚਰਵਾਰ ਨੂੰ ਇੱਕ ਸਮੀਖਿਆ ਮੀਟਿੰਗ ਦੌਰਾਨ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਲ ਅਧਿਕਾਰੀਆਂ ਅਤੇ ਸਟਾਫ਼ ਦੀ ਕਾਰਗੁਜ਼ਾਰੀ ਨੂੰ ਉਨ੍ਹਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਆਧਾਰ 'ਤੇ "ਚੰਗਾ" ਜਾਂ "ਮਾੜਾ" ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਲ ਵਿਭਾਗ ਦੇ ਕੰਮਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਲਈ ਪੂਰੇ ਧਿਆਨ ਅਤੇ ਤਨਦੇਹੀ ਨਾਲ ਕੀਤਾ ਜਾਵੇ।
ਮਾਲ ਦਫ਼ਤਰਾਂ ਦੇ ਕੰਮਕਾਜ ਨੂੰ ਨਿਰਵਿਘਨ ਚਲਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਮਾਲ ਪਟਵਾਰੀਆਂ ਦੀ ਛੁੱਟੀ ਹੋਣ ਦੀ ਸੂਰਤ ਵਿੱਚ ਲਿੰਕ ਅਫ਼ਸਰਾਂ ਦੇ ਬਦਲ ਵਜੋਂ ਕੰਮ ਕਰਨ ਦੇ ਪ੍ਰਬੰਧ ਕੀਤੇ ਜਾਣ। ਮਾਲ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਾਲ ਪਟਵਾਰੀਆਂ ਅਤੇ ਹੋਰ ਸਟਾਫ਼ ਦੇ ਤਬਾਦਲੇ ਦੇ ਹੁਕਮਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਨੂੰ ਉਨ੍ਹਾਂ ਪਾਸੋਂ ਸਮੇਂ ਸਿਰ ਚਾਰਜ ਰਿਪੋਰਟ ਪ੍ਰਾਪਤ ਕਰਕੇ ਉਨਾਂ ਨੂੰ ਫ਼ਾਰਗ ਕਰਨ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸੇ ਵਿਸ਼ੇਸ਼ ਖੇਤਰ ਵਿੱਚ ਕੁਲੈਕਟਰ ਦਰਾਂ ਵਿੱਚ ਕਟੌਤੀ ਦੇ ਮਾਮਲੇ ਵਿੱਚ ਸਪੱਸ਼ਟ ਟਿੱਪਣੀਆਂ ਅਤੇ ਤਰਕ ਨਾਲ ਸਬ-ਡਵੀਜ਼ਨ-ਵਾਰ ਆਧਾਰ 'ਤੇ ਕੁਲੈਕਟਰ ਰੇਟ ਪ੍ਰਸਤਾਵ ਪੇਸ਼ ਕਰਨ। ਮਾਲ ਅਫਸਰਾਂ ਨੂੰ ਬਕਾਇਆ ਇੰਤਕਾਲਾਂ ਅਤੇ ਜਮਾਂਬੰਦੀਆਂ ਦੇ ਕੰਮ ਨੂੰ ਤੇਜ਼ ਕਰਨ ਲਈ ਕਿਹਾ ਗਿਆ ਤਾਂ ਜੋ ਮਾਲ ਰਿਕਾਰਡ ਨੂੰ ਨਿਯਮਤ ਤੌਰ 'ਤੇ ਅਪਡੇਟ ਰੱਖਿਆ ਜਾ ਸਕੇ। ਜ਼ੀਰਕਪੁਰ ਅਤੇ ਖਰੜ ਵਿੱਚ ਬਕਾਇਆ ਪਏ ਇੰਤਕਾਲਾਂ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਤੱਕ ਕਾਰਵਾਈ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਨੈਸ਼ਨਲ ਹਾਈਵੇਅ ਐਕਵਾਇਰ ਨਾਲ ਸਬੰਧਤ ਇੰਤਕਾਲ ਜਲਦੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਸਵਾਮਿਤਵਾ (ਮਾਲਕੀ ਦੇ ਦਸਤਾਵੇਜ਼) ਮੁਹਿੰਮ ਨੂੰ ਹੁਲਾਰਾ ਦੇਣ ਲਈ ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਡਰੋਨ ਉਡਾਣ ਅਤੇ ਫ਼ਾਈਨਲ ਮੈਪਿੰਗ ਦੀ ਪ੍ਰਗਤੀ ਦੀ ਹਫਤਾਵਾਰੀ ਆਧਾਰ 'ਤੇ ਸਮੀਖਿਆ ਕਰਨ ਲਈ ਕਿਹਾ। ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਹਰਮਿੰਦਰ ਸਿੰਘ ਹੁੰਦਲ ਅਤੇ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਮਾਲ ਅਧਿਕਾਰੀ ਹਾਜ਼ਰ ਸਨ।