ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ 45000 ਪੌਦਿਆਂ ਲਈ ਸਥਾਨਾਂ ਦੀ ਪਛਾਣ
ਡੀ ਸੀ ਆਸ਼ਿਕਾ ਜੈਨ ਨੇ ਬਾਕੀ ਵਿਭਾਗਾਂ ਨੂੰ ਵੀ ਆਪਣੇ ਪ੍ਰਾਪਤ ਹੋਣ ਯੋਗ ਟੀਚੇ ਭੇਜਣ ਲਈ ਕਿਹਾ
ਮੋਹਾਲੀ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਇੱਥੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਵਧਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਲਈ ਵਾਤਾਵਰਨ ਦੀ ਸੰਭਾਲ ਲਈ ਮੋਹਾਲੀ ਪ੍ਰਸ਼ਾਸਨ ਨੇ ਮੌਨਸੂਨ ਦੌਰਾਨ 1.1 ਮਿਲੀਅਨ ਪੌਦੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵੇਗਾ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮੈਗਾ ਪਲਾਂਟੇਸ਼ਨ ਮੁਹਿੰਮ ਦੇ ਪ੍ਰਭਾਵਸ਼ਾਲੀ ਨਤੀਜਿਆਂ ਦੀ ਪ੍ਰਾਪਤੀ ਲਈ ਬੂਟੇ ਲਗਾਉਣ ਦੀ ਰਣਨੀਤੀ ਵਿੱਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਪੌਦੇ ਲਗਾਉਣ ਦੀਆਂ ਵੱਖ-ਵੱਖ ਸਕੀਮਾਂ ਚਲਾ ਰਹੇ ਸਾਰੇ ਵਿਭਾਗਾਂ ਨੂੰ ਆਪਣੇ ਟੀਚਿਆਂ ਨੂੰ ਇੱਕ ਸਾਂਝੇ ਪ੍ਰੋਗਰਾਮ ਨਾਲ ਜੋੜਨ ਲਈ ਕਿਹਾ ਗਿਆ ਹੈ ਤਾਂ ਜੋ ਅੰਤ ਵਿੱਚ ਇਸਦਾ ਮੁਲਾਂਕਣ, ਸਾਂਝੇ ਅਭਿਆਸ ਅਤੇ ਨਤੀਜੇ ਦੇ ਅਧਾਰ ‘ਤੇ ਕੀਤਾ ਜਾ ਸਕੇ। ਇਸੇ ਤਰ੍ਹਾਂ, ਗੈਰ ਸਰਕਾਰੀ ਸੰਗਠਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਥਾਨਕ ਸਬ ਡਿਵੀਜ਼ਨ ਪ੍ਰਸ਼ਾਸਨ ਜਾਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰਾਹੀਂ ਮੁਹਿੰਮ ਨਾਲ ਜੁੜਨ ਤਾਂ ਜੋ ਉਨ੍ਹਾਂ ਨੂੰ ਪਹਿਲਾਂ ਪੌਦੇ ਲਗਾਉਣ ਲਈ ਥਾਂ ਦੀ ਮੁਸ਼ਕਿਲ ਨਾ ਬਣੇ। ਉਨ੍ਹਾਂ ਅੱਗੇ ਕਿਹਾ"ਅਸੀਂ ਨਵੇਂ ਬੂਟੇ ਲਗਾਉਣ ਲਈ ਪਹਿਲ ਦੇ ਆਧਾਰ 'ਤੇ ਸਰਕਾਰੀ ਜ਼ਮੀਨਾਂ ਦੀ ਚੋਣ ਕਰ ਰਹੇ ਹਾਂ ਪਰ ਜੇਕਰ ਕੋਈ ਨਿੱਜੀ ਤੌਰ ਤੇ ਵੀ ਇੱਛਾ ਦਿਖਾਉਂਦਾ ਹੈ ਤਾਂ ਉਸ ਨੂੰ ਵੀ ਵਿਚਾਰਿਆ ਜਾਵੇਗਾ। ਉਦਯੋਗਿਕ ਇਕਾਈਆਂ, ਨਿੱਜੀ ਵਿਦਿਅਕ ਅਦਾਰਿਆਂ ਅਤੇ ਡਿਵੈਲਪਰਾਂ ਤੋਂ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਦਦ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੀ ਮੁਹਿੰਮ ਮੰਗ ਦੇ ਆਧਾਰ ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਭਾਗੀਦਾਰ ਇਸ ਮੈਗਾ ਡਰਾਈਵ ਦਾ ਹਿੱਸਾ ਬਣਨ ਲਈ ਆਪੋ-ਆਪਣੇ ਨਾਲ ਸਬੰਧਤ ਸਰਕਾਰੀ ਵਿਭਾਗਾਂ ਨੂੰ ਬੇਨਤੀ ਕਰਨ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਵਾਰ ਹਰ ਪੌਦੇ ਦੀ ਚੰਗੀ ਤਰ੍ਹਾਂ ਸੰਭਾਲ ਕਰਨ ਲਈ ਜੀਓ-ਟੈਗਿੰਗ ਫੋਟੋ ਲਾਜ਼ਮੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਿਭਾਗਾਂ ਅਤੇ ਸਰਕਾਰੀ ਅਦਾਰਿਆਂ ਨੂੰ ਆਪਣੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇਸ ਮੈਗਾ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ ਗਿਆ ਹੈ ਅਤੇ ਰੋਜ਼ਾਨਾ ਪੌਦੇ ਲਗਾਉਣ ਦੀ ਨਿਗਰਾਨੀ ਲਈ ਇੱਕ ਗੂਗਲ ਸ਼ੀਟ ਤਿਆਰ ਕੀਤੀ ਗਈ ਹੈ ਜਿਸ ਦੀ ਜ਼ਿੰਮੇਵਾਰੀ ਏ ਡੀ ਸੀ (ਸ਼ਹਿਰੀ ਵਿਕਾਸ) ਨੂੰ ਬਤੌਰ ਨੋਡਲ ਅਫਸਰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 240 ਏਕੜ ਜ਼ਮੀਨ ਨਿਰਧਾਰਤ ਕਰਕੇ 152900 ਬੂਟਿਆਂ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵੱਲੋਂ 45000 ਬੂਟੇ ਮੰਗੇ ਗਏ ਹਨ। ਗਮਾਡਾ, ਨਗਰ ਨਿਗਮ ਮੁਹਾਲੀ ਅਤੇ ਸਿੱਖਿਆ ਸਮੇਤ ਬਾਕੀ ਵਿਭਾਗਾਂ ਨੂੰ ਵੀ ਮੈਗਾ ਪਲਾਂਟੇਸ਼ਨ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੀ ਮੰਗ ਤੁਰੰਤ ਭੇਜਣ ਲਈ ਕਿਹਾ ਗਿਆ ਹੈ। ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਪੌਦਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਸਾਡੀਆਂ 12 ਨਰਸਰੀਆਂ ਦੇ ਕੋਲ ਲਗਪਗ 10 ਲੱਖ ਬੂਟੇ ਹਨ ਅਤੇ ਅਸੀਂ ਮੁਹਿੰਮ ਨੂੰ ਵਿਹਾਰਕ ਬਣਾਉਣ ਲਈ ਨਿਗਰਾਨੀ 'ਤੇ ਧਿਆਨ ਕੇਂਦਰਤ ਕਰਾਂਗੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਅਮਲੀ ਟੀਚਿਆਂ ਨੂੰ ਪੂਰਾ ਕਰਨ ਲਈ ਮੋਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਮੈਗਾ ਪਲਾਂਟੇਸ਼ਨ ਡਰਾਈਵ ਦੀ ਅਗਵਾਈ ਕਰਨ ਅਤੇ ਨਿਗਰਾਨੀ ਕਰਨ।