ਮੋਹਾਲੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਾਉਂਣੀ ਦੀਆਂ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ 17 ਜੁਲਾਈ ਨੂੰ ਕਿਸਾਨ ਵਿਕਾਸ ਚੈਂਬਰ (ਕਾਲਕਟ ਭਵਨ) ਐਰੋਸਿਟੀ ਬਲਾਕ-ਸੀ ਮੋਹਾਲੀ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਾਉਂਣੀ ਦੀਆਂ ਫ਼ਸਲਾਂ ਬਾਰੇ, ਪਰਾਲੀ ਪ੍ਰਬੰਧ ਅਪਨਾਉਣ, ਕੁਦਰਤੀ ਸੋਮੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਐਮ.ਐਲ.ਏ. ਹਲਕਾ ਮੋਹਾਲੀ ਅਤੇ ਸ. ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ.ਹਲਕਾ ਡੇਰਾਬਸੀ ਹੋਣਗੇ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ. ਕਰਨਗੇ। ਡਾ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਕੈਂਪ ਦੀ ਪ੍ਰਧਾਨਗੀ ਕਰਨਗੇ। ਇਸ ਕੈਂਪ ਦੇ ਵਿਸ਼ੇਸ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ) ਹੋਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਭਾਗ ਲੈ ਕੇ ਸਾਉਣੀ ਦੀਆਂ ਫਸਲਾਂ ਬਾਰੇ ਖੇਤੀਬਾੜੀ ਮਾਹਿਰਾਂ ਤੋਂ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਖੇਤਾਂ ਵਿੱਚ ਅਪਣਾ ਕੇ ਭਰਪੂਰ ਲਾਭ ਉਠਾਇਆ ਜਾਵੇ।