ਖਰੜ ਵਿਖੇ ਕੈਂਪ 17 ਜੁਲਾਈ ਨੂੰ ਅਤੇ ਡੇਰਾਬਸੀ ਵਿਖੇ 18 ਜੁਲਾਈ ਨੂੰ ਲਾਇਆ ਜਾਵੇਗਾ ਕੈਂਪ
ਐੱਸ.ਡੀ.ਐਮ. ਸ਼੍ਰੀ ਦੀਪਾਂਕਰ ਗਰਗ ਵੱਲੋਂ ਕੀਤਾ ਗਿਆ ਉਦਘਾਟਨ
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸ਼੍ਰੀ ਵਨੀਤ ਵਰਮਾ ਨੇ ਲਿਆ ਜਾਇਜ਼ਾ*
ਮੋਹਾਲੀ : ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਜਿਥੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਥੇ ਹੀ ਦਿਵਿਆਂਗ ਵਿਅਕਤੀਆਂ ਨੂੰ ਮਸਨੂਈ ਅੰਗ ਲਗਵਾ ਕੇ ਚੰਗੇਰਾ ਜੀਵਨ ਜਿਉਣ ਦੇ ਕਾਬਲ ਬਣਾਉਣ ਲਈ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਵਸਤਾਂ/ਉਪਕਰਨ ਵੰਡਣ ਲਈ ਵੀ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਦੀ ਲੜੀ ਤਹਿਤ ਅੱਜ ਪਹਿਲਾ ਕੈਂਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1, ਮੋਹਾਲੀ ਵਿਖੇ ਲਾਇਆ ਗਿਆ, ਜਿਸ ਦਾ ਉਦਘਾਟਨ ਐੱਸ ਡੀ ਐਮ ਸ਼੍ਰੀ ਦੀਪਾਂਕਰ ਗਰਗ ਵੱਲੋਂ ਕੀਤਾ ਗਿਆ ਤੇ *ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸ਼੍ਰੀ ਵਨੀਤ ਵਰਮਾ ਨੇ ਕੈਂਪ ਦਾ ਜਾਇਜ਼ਾ ਲਿਆ।
ਇਸ ਮੌਕੇ ਸ਼੍ਰੀ ਗਰਗ ਤੇ ਸ਼੍ਰੀ ਵਰਮਾ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਉਪਰਾਲਾ ਹੈ, ਜਿਸ ਤਹਿਤ ਮਸਨੂਈ ਅੰਗ, ਟਰਾਈ ਸਾਈਕਲਜ਼, ਵ੍ਹੀਲਚੇਅਰਜ਼, ਫੌੜੀਆਂ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਤੇ ਹੋਰ ਸਹਾਇਤਾ ਸਮੱਗਰੀ ਵੰਡਣ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਜਾ ਰਹੀ ਹੈ। ਅਜਿਹੇ ਹੀ ਕੈਂਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ 17 ਜੁਲਾਈ ਨੂੰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ ਵਿਖੇ 18 ਜੁਲਾਈ ਨੂੰ ਸਵੇਰੇ 10:00 ਤੋਂ ਦੁਪਹਿਰ 02:00 ਵਜੇ ਤਕ ਲਾਏ ਜਾਣਗੇ। ਸ਼੍ਰੀ ਵਰਮਾ ਨੇ ਜਿੱਥੇ ਕੈਂਪ ਵਿੱਚ ਹਿੱਸਾ ਲੈਣ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ ਉਥੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਲਈ ਵੱਧ ਚੜ੍ਹ ਕੇ ਕੰਮ ਕਰ ਰਹੀ ਹੈ ਤੇ ਸਭਨਾਂ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਹਨਾਂ ਨੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਪਾਂ ਵਿੱਚ ਆਉਣ ਵਾਲੇ ਲਾਭਪਾਤਰੀਆਂ ਲਈ ਜਿਹੜੇ ਦਸਤਾਵੇਜ਼ ਲੋੜੀਂਦੇ ਹਨ, ਉਹਨਾਂ ਵਿੱਚ ਯੂ.ਡੀ.ਆਈ.ਡੀ. ਕਾਰਡ 40 ਫੀਸਦ ਜਾਂ ਇਸ ਤੋਂ ਉਪਰ, 02 ਪਾਸਪੋਰਟ ਸਾਈਜ਼ ਫੋਟੋ, ਜਿਸ ਵਿੱਚ ਸਰੀਰਕ ਅਸਮਰੱਥਤਾ ਦਿਖਾਈ ਦਿੰਦੀ ਹੋਵੇ।
ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ ਅਸਲ ਅਧਾਰ ਕਾਰਡ/ਵੋਟਰ ਕਾਰਡ ਦੀ ਫੋਟੋ ਕਾਪੀ ਸਮੇਤ ਅਸਲ ਵੋਟਰ ਕਾਰਡ ਤੇ ਸਮਰੱਥ ਅਥਾਰਟੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ (ਪ੍ਰਤੀ ਮਹੀਨਾ 22,500/- ਰੁਪਏ ਤੋਂ ਘੱਟ) ਸ਼ਾਮਲ ਹਨ। ਇਸ ਤੋਂ ਇਲਾਵਾ ਮੋਟਰਾਈਜਡ ਟਰਾਈਸਾਈਕਲ ਸਿਰਫ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਉਨ੍ਹਾਂ ਅੰਗਹੀਣਾਂ ਨੂੰ ਹੀ ਦਿੱਤੇ ਜਾਣਗੇ ਜਿਨ੍ਹਾਂ ਪਾਸ 80 ਫ਼ੀਸਦ ਜਾਂ ਇਸ ਤੋਂ ਉੱਪਰ ਦਿਵਿਆਂਗਤਾ/ਅੰਗਹੀਣਤਾ ਦਾ ਸਰਟੀਫਿਕੇਟ ਹੋਵੇਗਾ ਅਤੇ ਉਹ ਮੋਟਰਾਈਜ਼ਡ ਟਰਾਈਸਾਈਕਲ ਚਲਾਉਣ ਲਈ ਯੋਗ ਹੋਣਗੇ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਵਿੱਚ ਉਕਤ ਸਹੂਲਤ, ਮੋਟਰਾਈਜ਼ਡ ਟਰਾਈਸਾਈਕਲ ਅਤੇ ਸਮਾਰਟ ਫੋਨ ਦੀ ਸਹੂਲਤ ਪਿਛਲੇ ਪੰਜ ਸਾਲਾਂ ਵਿੱਚ ਪ੍ਰਾਪਤ ਨਾ ਕੀਤੀ ਹੋਵੇ। ਸੀਨੀਅਰ ਸਿਟੀਜ਼ਨ (60 ਸਾਲਾਂ ਤੋਂ ਉਪਰ) ਜਿਨ੍ਹਾਂ ਦੀ ਆਮਦਨ 15,000/- ਰੁਪਏ ਤੋਂ ਘੱਟ ਹੋਵੇਗੀ, ਉਨ੍ਹਾਂ ਨੂੰ ਵੀ ਲੋੜੀਂਦੇ ਉਪਕਰਨ ਮੁਹੱਈਆ ਕਰਵਾਏ ਜਾਣਗੇ। ਇਹਨਾਂ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਹੋਰ ਜਾਣਕਾਰੀ ਲਈ 0172-2219526, 70870-87055 ਅਤੇ 97808-63700 'ਤੇ ਸੰਪਰਕ ਕੀਤਾ ਜਾ ਸਕਦਾ ਹੈ।