ਜਲੰਧਰ : ਕੋਰੋਨਾ ਅਤੇ ਤਾਲਾਬੰਦੀ ਕਾਰਨ ਲੱਗੀਆਂ ਪਾਬੰਦੀਆਂ ਵਿਚ ਕੁੱਝ ਰਾਹਤ ਦਿੰਦੇ ਹੋਏ ਜਲੰਧਰ ਪ੍ਰਸ਼ਾਸਨ ਵੱਲੋਂ ਹੁਣ ਜ਼ਿਲ੍ਹੇ ’ਚ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਅੱਜ ਤੋਂ ਲਾਗੂ ਕਰ ਦਿੱਤੇ ਗਏ ਹਨ। ਨਾਈਟ ਕਰਫ਼ਿਊ ਰੋਜ਼ਾਨਾ ਵਾਂਗ 6 ਵਜੇ ਤੋਂ ਹੀ ਲੱਗੇਗਾ ਅਤੇ ਤਿੰਨ ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਜਦਕਿ ਬਾਕੀ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ।
ਇਸ ਤੋਂ ਇਲਾਵਾ ਹੇਅਰ, ਸੈਲੂਨ, ਕਾਸਮੈਟਿਕ, ਕੱਪੜਾ, ਸਜਾਵਟ ਸਮੇਤ ਸਾਰੀਆਂ ਪ੍ਰੋਡਕਟਸ ਦੀਆਂ ਦੁਕਾਨਾਂ ਵੀ ਖੁਲ੍ਹਣਗੀਆਂ।। ਇਹ ਸਾਰੀਆਂ ਦੁਕਾਨਾਂ 9 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟਾਂ ਵਾਲੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਿਵਰੀ ਹੀ ਕਰ ਸਕਣਗੇ। ਹੋਮ ਡਿਲਿਵਰੀ ਸਰਵਿਸ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੈਟਰੋਲ ਪੰਪ, ਮੈਡੀਕਲ ਸੇਵਾਵਾਂ ਅਤੇ ਫੈਕਟਰੀ ’ਚ ਕੰਮ ਕਰਨ ਵਾਲਿਆਂ ਨੂੰ 24 ਘੰਟੇ ਦੀ ਛੋਟ ਹੈ। ਸ਼ਹਿਰ ’ਚ ਬਾਜ਼ਾਰ ਤਿੰਨ ਹਿੱਸਿਆਂ ’ਚ ਵੰਡੇ ਗਏ ਹਨ। ਪਹਿਲਾ ਹਿੱਸਾ ਗ੍ਰਾਸਰੀ, ਬਿਜਲੀ ਉਪਕਰਨ ਅਤੇ ਰਿਪੇਅਰ ਆਦਿ ਹੈ, ਜੋਕਿ ਜ਼ਰੂਰੀ ਸੇਵਾਵਾਂ ’ਚ ਸ਼ਾਮਲ ਹੈ। ਇਹ ਸਾਰੀਆਂ ਦੁਕਾਨਾਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ।