ਹੁਸ਼ਿਆਰਪੁਰ : ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਹੁਸ਼ਿਆਰਪੁਰ ਚੰਡੀਗੜ੍ਹ ਰੋਡ 'ਤੇ ਰਿਆਤ ਬਾਹਰਾ ਕਾਲਜ ਨਜ਼ਦੀਕ ਇੱਕ ਕੰਪਨੀ ਲਈ ਕੰਮ ਕਰਦੇ ਕਲੈਕਸ਼ਨ ਏਜੰਟ ਨੂੰ ਘੇਰ ਕੇ ਕਾਰ ਵਿੱਚ ਆਏ ਪੰਜ ਵਿਅਕਤੀਆਂ ਨੇ ਲੁੱਟ ਖੋਹ ਕਰਦਿਆਂ ਕੁੱਟਮਾਰ ਕਰਕੇ 1.08 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋਣ ਵਿੱਚ ਸਫਲ ਹੋ ਗਏ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁੱਟਮਾਰ ਦਾ ਸ਼ਿਕਾਰ ਹੋਏ ਵਿਕਾਸ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅੱਜ ਗੜ੍ਹਸ਼ੰਕਰ ਤੋਂ ਕੰਪਨੀ ਲਈ ਉਗਰਾਹੀ ਕਰਕੇ ਆਪਣੀ ਐਕਟਿਵਾ 'ਤੇ ਵਾਪਸ ਪਰਤ ਰਿਹਾ ਸੀ ਉਸ ਕੋਲ ਬੈਗ ਵਿੱਚ 1. 08 ਲੱਖ ਦੀ ਨਗਦੀ ਸੀ| ਜਦੋਂ ਉਹ ਰਿਆਤ ਬਾਹੜਾ ਕਾਲਜ ਨਜ਼ਦੀਕ ਪਿਸ਼ਾਬ ਕਰਨ ਲਈ ਰੁਕਿਆ ਤਾਂ ਇੱਕ ਕਾਰ ਵਿੱਚ ਆਏ ਪੰਜ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਨਗਦੀ ਦੀਆਂ ਮੰਗ ਕਰਨ ਲੱਗੇ ਇਨਕਾਰ ਕਰਨ ਤੇ ਉਹਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਨਗਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਵਾਰਦਾਤ ਦੀ ਸੂਚਨਾ ਉਸ ਨੇ ਤੁਰੰਤ ਆਪਣੇ ਮਾਲਕਾਂ ਨੂੰ ਦਿੱਤੀ ਜਿਨਾਂ ਨੇ ਥਾਣਾ ਚੱਬੇਵਾਲ ਵਿਖੇ ਮਾਮਲੇ ਦੀ ਜਾਣਕਾਰੀ ਦਿੱਤੀ ਇਸ ਸਬੰਧੀ ਸੂਚਨਾ ਮਿਲਦੀਆਂ ਹੀ ਥਾਣਾ ਚੱਬੇਵਾਲ ਦੀ ਐਸਐਚਓ ਇੰਸਪੈਕਟਰ ਪ੍ਰਭਜੋਤ ਕੌਰ ਪੁਲਿਸ ਪਾਰਟੀ ਦੇ ਨਾਲ ਮੋਕਾ ਵਾਰਦਾਤ ਤੇ ਪਹੁੰਚ ਗਈ ਅਤੇ ਇਲਾਕੇ ਵਿੱਚ ਪੈਂਦੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ| ਕੰਪਨੀ ਦੇ ਮਾਲਕ ਅਨਿਲ ਜੈਨ ਨੇ ਦੱਸਿਆ ਕਿ ਉਹਨਾਂ ਦਾ ਮੁਲਾਜ਼ਮ ਜੋ ਕਿ ਕਲੈਕਸ਼ਨ ਏਜੰਟ ਵੱਲੋਂ ਕੰਮ ਕਰਦਾ ਹੈ ਅੱਜ ਗੜਸ਼ੰਕਰ ਏਰੀਏ ਤੋਂ ਉਗਰਾਹੀ ਕਰਕੇ ਵਾਪਸ ਆ ਰਿਹਾ ਸੀ ਜਿਸ ਨਾਲ ਉਕਤ ਘਟਨਾ ਵਾਪਰ ਗਈ ਪੱਤਰਕਾਰਾਂ ਦੀ ਸਵਾਲਾਂ ਦੇ ਜਵਾਬ 'ਚ ਉਸਨੇ ਦੱਸਿਆ ਕਿ ਉਕਤ ਮੁਲਾਜ਼ਮ ਪੂਰੀ ਇਮਾਨਦਾਰੀ ਨਾਲ ਪਿਛਲੇ ਕਈ ਸਾਲਾਂ ਤੋਂ ਉਹਨਾਂ ਕੋਲ ਕੰਮ ਕਰ ਰਿਹਾ ਹੈ| ਉਹਨਾਂ ਨੇ ਮੁਲਾਜ਼ਮ ਵੱਲੋਂ ਨੋਟ ਕੀਤਾ ਹੋਇਆ ਕਾਰ ਦਾ ਨੰਬਰ ਵੀ ਪੁਲਿਸ ਨੂੰ ਸੌਂਪ ਦਿੱਤਾ। ਥਾਣਾ ਚੱਬੇਵਾਲ ਦੀ ਐਸਐਚਓ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਜਲਦੀ ਹੀ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਜਾਏਗਾ|