ਪਟਿਆਲਾ : ਸਾਈਕਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੰਟ ਆਈਡੈਂਟੀਫ਼ਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿੱਚ 4 ਅਗੱਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਏ ਜਾਣਗੇ। ਪਟਿਆਲਾ ਜ਼ਿਲ੍ਹੇ ਦੇ ਨਾਲ ਲਗਦੇ ਜ਼ਿਲ੍ਹੇ ਸੰਗਰੂਰ, ਮੋਹਾਲੀ, ਮਾਲੇਰਕੋਟਲਾ, ਫ਼ਤਿਹਗੜ੍ਹ ਸਾਹਿਬ ਦੇ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਉਮਰ 12 ਤੋਂ 14 ਸਾਲ ਤੱਕ ਹੈ, ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਕਨਵੀਨਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਦਸਿਆ ਕਿ ਪੂਰੇ ਪੰਜਾਬ ਵਿੱਚ ਟੈਲੰਟ ਆਈਡੈਂਟੀਫ਼ਿਕੇਸ਼ਨ ਪ੍ਰੋਗਰਾਮ ਕਰਵਾ ਰਹੇ ਹਨ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਅਤੇ ਵਿਸ਼ੇਸ਼ ਤੌਰ ’ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫ਼ੁੱਲਿਤ ਕੀਤਾ ਜਾ ਸਕੇ। ਇਸ ਤਹਿਤ ਖਿਡਾਰੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਸਾਈਕਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੀਆਂ ਅਕੈਡਮੀਆਂ ਵਿੱਚ ਭੇਜਿਆ ਜਾਵੇਗਾ।