ਐਸ.ਏ.ਐਸ.ਨਗਰ, 22 ਜੁਲਾਈ ਲੁਧਿਆਣਾ ਵਿਖੇ ਹੋਈ 35ਵੀਂ ਸਬ ਜੂਨੀਅਰ ਤੇ 45ਵੀਂ ਜੂਨੀਅਰ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ (20 ਤੋਂ 21 ਜੁਲਾਈ) ਵਿੱਚ ਝੰਡੀ ਗੱਡਦਿਆਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਤੈਰਾਕਾਂ ਨੇ 35 ਸੋਨ, 02 ਚਾਂਦੀ ਅਤੇ 01 ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਤੈਰਾਕ ਅਪੂਰਵਾ ਸ਼ਰਮਾ ਨੇ 100 ਮੀਟਰ ਦੇ ਬਟਰਫਲਾਈ ਮੁਕਾਬਲੇ ਵਿੱਚ ਆਪਣਾ ਪਿਛਲੇ ਸਾਲ ਦਾ 01 ਮਿੰਟ 14 ਸੈਕਿੰਡ 81 ਮਾਈਕਰੋਸੈਕਿੰਡ ਦਾ ਰਿਕਾਰਡ ਤੋੜ ਕੇ 01 ਮਿੰਟ 14 ਸੈਕਿੰਡ 00 ਮਾਈਕਰੋਸੈਕਿੰਡ ਦਾ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ 200 ਮੀਟਰ ਦੇ ਬਟਰਫਲਾਈ ਮੁਕਾਬਲੇ ਵਿੱਚ ਵੀ 02 ਮਿੰਟ 41 ਸੈਕਿੰਡ 04 ਮਾਈਕਰੋਸੈਕਿੰਡ ਨਾਲ ਪੁਰਾਣਾ ਰਿਕਾਰਡ 02 ਮਿੰਟ 41 ਸੈਕਿੰਡ 94 ਮਾਈਕਰੋਸੈਕਿੰਡ ਤੋੜ ਕੇ ਨਵੇਂ ਰਿਕਾਰਡ ਕਾਇਮ ਕੀਤਾ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਜ਼ਿਲ੍ਹੇ ਦੇ ਤੈਰਾਕ ਜੁਝਾਰ ਸਿੰਘ ਗਿੱਲ ਨੇ 07 ਸੋਨ ਤੇ 01 ਕਾਂਸੀ ਦਾ ਤਗਮਾ, ਲਕਸ਼ੈ ਜਿੰਦਲ ਨੇ 08 ਸੋਨ ਤਗਮੇ, ਸ਼ੁਭਨੀਤ ਕੌਰ ਨੇ 07 ਸੋਨ ਤੇ 01 ਚਾਂਦੀ ਦਾ ਤਗਮਾ, ਅਰਸ਼ਪ੍ਰੀਤ ਕੌਰ ਨੇ 08 ਸੋਨ ਤਗਮੇ, ਅਪੂਰਵਾ ਸ਼ਰਮਾ ਨੇ 05 ਸੋਨ ਤੇ 01 ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤਰ੍ਹਾਂ ਜ਼ਿਲ੍ਹਾ ਐਸ.ਏ.ਐਸ.ਨਗਰ ਜੂਨੀਅਰ ਸਟੇਟ ਚੈਂਪੀਅਨਸ਼ਿਪ ਦਾ ਓਵਰਆਲ ਚੈਂਪੀਅਨ ਬਣਿਆ ਹੈ। ਗਰੁੱਪ 1 ਲੜਕੇ ਤੇ ਗਰੁੱਪ 1 ਲੜਕੀਆਂ ਸਬੰਧੀ ਬੈੱਸਟ ਚੈਂਪੀਅਨਜ਼ ਅਤੇ ਗਰੁੱਪ 2 ਲੜਕੀਆਂ ਵਿੱਚ ਰਨਰਅਪ ਚੈਂਪੀਅਨਜ਼ ਦਾ ਖਿਤਾਬ ਜ਼ਿਲ੍ਹੇ ਦੇ ਤੈਰਾਕਾਂ ਨੂੰ ਮਿਲਿਆ ਹੈ। ਤੈਰਾਕੀ ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 34 ਤੈਰਾਕਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਸਾਰੇ ਹੀ ਤੈਰਾਕ ਜ਼ਿਲ੍ਹਾ ਖੇਡ ਅਫਸਰ ਦੇ ਦਫਤਰ ਅਧੀਨ ਚੱਲਦੇ ਡੇਅ ਸਕਾਲਰ ਅਤੇ ਪੰਜਾਬ ਸਟੇਟ ਸਪੋਰਟਸ ਇੰਸਟੀਟਿਊਟ (ਪੀ.ਆਈ.ਐਸ) ਵਿੰਗ ਅਧੀਨ ਟਰੇਨਿੰਗ ਕਰ ਰਹੇ ਹਨ। ਇਨ੍ਹਾਂ ਤੈਰਾਕਾਂ ਵੱਲੋਂ ਹੁਣ ਭੁਵਨੇਸ਼ਵਰ, ਓੜੀਸ਼ਾ ਵਿਖੇ 06 ਤੋਂ 11 ਅਗਸਤ ਤਕ ਹੋਣ ਵਾਲੀ ਕੌਮੀ ਜੂਨੀਅਰ ਤੈਰਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਉਥੇ ਵੀ ਇਹ ਤੈਰਾਕ ਸੂਬੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।