ਕੁਰੜੀ ਵਿਖੇ 2000, ਮੋਟੇ ਮਾਜਰਾ, ਤੰਗੋਰੀ ਅਤੇ ਠਸਕਾ ਵਿਖੇ ਇੱਕ-ਇੱਕ ਹਜ਼ਾਰ ਤੋਂ ਇਲਾਵਾ ਮੌਜਪੁਰ ਵਿਖੇ 500 ਬੂਟੇ ਲਗਾਏ
ਮੋਹਾਲੀ : ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ 1.5 ਲੱਖ ਬੂਟੇ ਲਾ ਕੇ ਇਤਿਹਾਸ ਸਿਰਜਣ ਦੇ ਅੰਗ ਵਜੋਂ ਉਪ ਮੰਡਲ ਮੋਹਾਲੀ ਵਿੱਚ ਵੱਖੋ ਵੱਖ ਥਾਵਾਂ 'ਤੇ ਮੰਗਲਵਾਰ ਨੂੰ ਕਰੀਬ 50 ਹਜ਼ਾਰ ਬੂਟੇ ਲਾਏ ਗਏ। ਇਸ ਸਬੰਧੀ ਪਿੰਡ ਕੰਡਾਲਾ ਵਿਖੇ ਬੂਟੇ ਲਾਉਣ ਮੌਕੇ ਐੱਸ.ਡੀ.ਐਮ.ਦੀਪਾਂਕਰ ਗਰਗ ਨੇ ਕਿਹਾ ਕਿ ਮਿਸ਼ਨ ਹਰਿਆਲੀ ਤਹਿਤ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਸ਼੍ਰੀ ਗਰਗ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਹੁਣ ਤਕ ਦਰਖ਼ਤਾਂ ਦੀ ਕਟਾਈ ਹੋਈ ਹੈ, ਉਸ ਨਾਲ ਸਾਡਾ ਵਾਤਾਵਰਨ ਗੰਧਲਾ ਹੁੰਦਾ ਜਾ ਰਿਹਾ ਹੈ। ਜੇਕਰ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਹਰਿਆ ਭਰਿਆ ਬਣਾਉਣ ਵਾਸਤੇ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਦਰਖ਼ਤ ਇਨਸਾਨ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤੱਕ ਇਨਸਾਨ ਦਾ ਸਾਥ ਦਿੰਦੇ ਹਨ ਇਸ ਲਈ ਦਰਖ਼ਤਾਂ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਅਤੇ ਪੰਜਾਬ ਦੇ ਮਹਾਨ ਸਾਹਿਤ ਵਿੱਚ ਵੀ ਰੁੱਖਾਂ ਨੂੰ ਵੱਡਾ ਸਥਾਨ ਦਿੱਤਾ ਗਿਆ ਹੈ ਕਿਉਂਕਿ ਰੁੱਖ ਜਿਥੇ ਸਾਨੂੰ ਆਕਸੀਜ਼ਨ ਦਿੰਦੇ ਹਨ, ਉਥੇ ਮਨੁੱਖੀ ਸਿਹਤ ਲਈ ਖ਼ਤਰਨਾਕ ਕਾਰਬਨ ਗੈਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ।
ਐੱਸ.ਡੀ.ਐਮ. ਨੇ ਕਿਹਾ ਕਿ ਰੁੱਖਾਂ ਦਾ ਤੇ ਇਨਸਾਨਾਂ ਦਾ ਮੁਢ ਕਦੀਮੀ ਰਿਸ਼ਤਾ ਹੈ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਮਨੁੱਖ ਨੇ ਆਪਣੇ ਨਿੱਜੀ ਮੁਫਾਦਾਂ ਲਈ ਜਿਸ ਤੇਜ਼ੀ ਨਾਲ ਦਰਖਤਾਂ ਦੀ ਕਟਾਈ ਕੀਤੀ, ਉਸ ਨਾਲ ਗਲੋਬਲ ਵਾਰਮਿੰਗ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਲਈ ਹਰੇਕ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਵੇ।
ਸ਼੍ਰੀ ਗਰਗ ਨੇ ਦੱਸਿਆ ਕਿ ਮੁਹਾਲੀ ਦੇ ਕੁਰੜੀ ਵਿਖੇ 2000, ਮੋਟੇ ਮਾਜਰਾ, ਤੰਗੋਰੀ ਅਤੇ ਠਸਕਾ ਵਿਖੇ ਇੱਕ-ਇੱਕ ਹਜ਼ਾਰ ਤੋਂ ਇਲਾਵਾ ਮੌਜਪੁਰ ਵਿਖੇ 500 ਬੂਟੇ ਲਗਾਏ ਗਏ ਹਨ। ਮਿਸ਼ਨ ਗ੍ਰੀਨ ਤਹਿਤ ਪੂਰੇ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣੇ ਹਨ ਅਤੇ ਇਹ ਉਪਰਾਲਾ ਚੱਲ ਰਹੀ ਮਿਸ਼ਨ ਹਰਿਆਲੀ ਮੁਹਿੰਮ ਦਾ ਹਿੱਸਾ ਹੈ। ਐੱਸ.ਡੀ.ਐਮ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।ਬੂਟੇ ਲਾਉਣ ਵਾਲੀਆਂ ਥਾਵਾਂ 'ਤੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲੀ ਵਿਦਿਆਰਥੀ, ਆਮ ਲੋਕ ਤੇ ਐਨ.ਜੀ. ਓਜ਼. ਹਾਜ਼ਰ ਸਨ।