ਸ਼ਿਮਲਾ : ਪੈਰਾਗਲਾਈਡਿੰਗ ਵਿੱਚ ਭਾਰਤ ਨੂੰ ਵਿਸਵ ਕੱਪ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਗਿਆ ਹੈ। 2 ਨਵੰਬਰ ਤੋਂ 9 ਨਵੰਬਰ ਤੱਕ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ਵਿੱਚ ਪੈਰਾਗਲਾਈਡਿੰਗ ਦਾ ਵਿਸ਼ਵ ਕੱਪ ਕਰਵਾਇਆ ਜਾਵੇਗਾ। ਪਿਛਲੇ ਸਾਲ ਬੀੜ ਬਿਲਿੰਗ ਵਿੱਚ ਕਰਵਾਏ ਪੈਰਾਗਲਾਈਡਿੰਗ ਐਕੂਰੇਸੀ ਪ੍ਰੀ ਵਰਲਡ ਕੱਪ ਅਤੇ ਪੈਰਾਗਲਾਈਡਿੰਗ ਕਰਾਸ ਕੰਟਰੀ ਪ੍ਰੀ ਵਰਲਡ ਕੱਪ ਦੀ ਸਫ਼ਲਤਾ ਦੇ ਮੱਦੇਨਜ਼ਰ ਪੈਰਾਗਲਾਈਡਿੰਗ ਵਿਸ਼ਵ ਕੱਪ ਐਸੋਸੀਏਸ਼ਨ ਨੇ ਇਥੇ ਵਿਸ਼ਵ ਕੱਪ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀੜ ਬਿਲਿੰਗ ਵਿੱਚ ਸਾਲ 2023 ਵਿੱਚ ਦੋ ਪ੍ਰੀ ਵਰਲਡ ਕੱਪਾਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਬੀੜ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦਸਿਆ ਹੈ ਕਿ ਭਾਰਤ ਨੂੰ ਸੂਬਾ ਸਰਕਾਰ ਦੇ ਉਤਸ਼ਾਹ ਅਤੇ ਸਹਿਯੋਗ ਨਾਲ ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।