ਪਟਿਆਲਾ : ਪਸ਼ੂ ਪਾਲਣ ਵਿਭਾਗ ਪਟਿਆਲਾ ਅਤੇ ਟ੍ਰੇਨਿੰਗ ਸੈਂਟਰ ਜ਼ਿਲ੍ਹਾ ਪਟਿਆਲਾ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਕਰਵਾਉਣ ਦੇ ਮਕਸਦ ਨਾਲ 20 ਪਸ਼ੂ ਪਾਲਕਾਂ ਨੂੰ ਸੂਰ ਪਾਲਣ ਅਤੇ ਮੁਰਗੀ ਪਾਲਣ ਦੀ 5 ਦਿਨਾਂ ਵਿਸਥਾਰ ਪੂਰਵਕ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਇਨ੍ਹਾਂ ਲਾਭਪਾਤਰੀਆਂ ਨੂੰ ਬੈਂਕਾਂ ਦੇ ਅਸਾਨ ਅਤੇ ਸਸਤੇ ਲੋਨ, ਬਿਮਾਰੀਆਂ, ਵੈਕਸੀਨੇਸ਼ਨ ਅਤੇ ਮੰਡੀਕਰਣ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਇਸ ਬਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਵਿਭਾਗੀ ਮੁਖੀ ਵਿਕਾਸ ਪ੍ਰਤਾਪ ਅਤੇ ਨਿਰਦੇਸ਼ਕ ਡਾ ਗੁਰਸ਼ਰਨਜੀਤ ਸਿੰਘ ਬੇਦੀ ਦੀਆਂ ਹਦਾਇਤਾਂ ਪ੍ਰੇਰਨਾ ਸਦਕਾ ਇਹ ਸਿਖਲਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਮੀਨੀ ਪੱਧਰ ਉਤੇ ਪਸ਼ੂ ਪਾਲਕਾਂ ਨੂੰ ਸਹਾਇਕ ਧੰਦਿਆਂ ਦੀ ਮੁਫ਼ਤ ਟ੍ਰੇਨਿੰਗ ਕਰਵਾਉਣਾ ਅਤੇ ਸਵੈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਇਸ ਟ੍ਰੇਨਿੰਗ ਵਿੱਚ ਲਾਭਪਾਤਰੀਆਂ ਨੂੰ ਸਹਾਇਕ ਧੰਦਿਆਂ ਬਾਰੇ ਤਕਨੀਕੀ ਜਾਣਕਾਰੀ ਡਿਪਟੀ ਡਾਇਰੈਕਟਰ ਟ੍ਰੇਨਿੰਗ ਡਾ. ਪਰਮਜੀਤ ਸਿੰਘ, ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ ਤੇ ਡਾ. ਰਜਨੀਕ ਭੌਰਾ, ਸਹਾਇਕ ਡਾਇਰੈਕਟਰ ਟ੍ਰੇਨਿੰਗ ਗੁਰਜੀਤ ਸਿੰਘ, ਡਾ. ਜੀਵਨ ਗੁਪਤਾ ਅਤੇ ਡਾ. ਜਸਵਿੰਦਰ ਸਿੰਘ ਵੱਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਹਰ ਮਹੀਨੇ ਬੱਕਰੀ ਪਾਲਣ, ਮੁਰਗੀ ਪਾਲਣ ਅਤੇ ਸੂਰ ਪਾਲਣ ਬਾਰੇ ਮੁਫ਼ਤ ਟ੍ਰੇਨਿੰਗ ਕਰਵਾਈ ਜਾਂਦੀ ਹੈ। ਚਾਹਵਾਨ ਪਸ਼ੂ ਪਾਲਕ ਮੋਬਾਇਲ ਨੰਬਰ 98768-22102 ਨੰਬਰ ਉਤੇ ਸੰਪਰਕ ਕਰ ਸਕਦੇ ਹਨ।