ਫ਼ਤਹਿਗੜ੍ਹ ਸਾਹਿਬ : ਡੇਅਰੀ ਦੇ ਧੰਦੇ ਨੂੰ ਉਤਸਾਹਤ ਕਰਨ ਵਾਸਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਤੇ ਔਰਤਾਂ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਉਮੀਦਵਾਰਾਂ ਲਈ 5 ਅਗਸਤ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਚਤਾਮਲੀ (ਰੋਪੜ) ਅਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ (ਲੁਧਿਆਣਾ) ਵਿਖੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਦੀ ਉਮਰ 18 ਸਾਲ ਤੋਂ 55 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਹ ਘੱਟੋ ਘੱਟ ਪੰਜਵੀਂ ਪਾਸ ਅਤੇ ਪੇਂਡੂ ਇਲਾਕੇ ਨਾਲ ਸਬੰਧਤ ਹੋਣਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇਂ ਕਿ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ ਫੋਟੋ ਲੈ ਕੇ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਿਖਲਾਈ ਹਾਸਲ ਕਰਨ ਲਈ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਦੇ ਕਮਰਾ ਨੰ: 406 ਵਿਖੇ ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਖੇ ਭਰੇ ਜਾਣਗੇ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਦੁਧਾਰੂ ਪਸ਼ੂਆਂ ਦਾ ਬੀਮਾ ਜਰੂਰ ਕਰਵਾਉਣਾ ਚਾਹੀਦਾ ਹੈ । ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਐਨ.ਐਲ.ਐਮ. ਸਕੀਮ ਅਧੀਨ ਦੁਧਾਰੂ ਪਸ਼ੂਆਂ ਦੇ ਬੀਮਾ ਕਰਵਾਉਣ ਲਈ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੁਧਾਰੂ ਪਸ਼ੂਆਂ ਦਾ ਇੱਕ ਸਾਲ ਲਈ ਬੀਮਾ ਕਰਵਾਉਣ ਦਾ ਪ੍ਰੀਮੀਅਮ 2240 ਰੁਪਏ ਹੈ, ਜਿਸ ਵਿੱਚੋਂ ਜਨਰਲ/ਏ.ਪੀ.ਐਲ. ਵਰਗ ਦੇ ਲਾਭਪਾਤਰੀਆਂ ਨੂੰ 1120 ਰੁਪਏ ਅਤੇ ਐਸ.ਸੀ./ਐਸ.ਟੀ. ਵਰਗ ਦੇ ਲਾਭਾਤਰੀਆਂ ਨੂੰ 672/-ਰੁਪਏ ਭਰਨੇ ਪੈਂਦੇ ਹਨ। ਇਸੇ ਤਰ੍ਹਾਂ ਦੋ ਸਾਲ ਦੇ ਬੀਮੇ ਦਾ 4200/- ਰੁਪਏ ਪ੍ਰੀਮੀਅਮ ਵਿੱਚੋਂ ਜਨਰਲ/ਏ.ਪੀ.ਐਲ. ਵਰਗ ਦੇ ਲਾਭਪਾਤਰੀਆਂ ਨੂੰ 2100/-ਰੁਪਏ ਜਦੋਂ ਕਿ ਐਸ.ਸੀ./ਐਸ.ਟੀ. ਵਰਗ ਨਾਲ ਸਬੰਧਤ ਲਾਭਪਾਤਰੀਆਂ ਨੂੰ 1260/-ਰੁਪਏ ਦੇਣੇ ਪੈਂਦੇ ਹਨ। ਦੁਧਾਰੂ ਪਸ਼ੂਆਂ ਦੇ ਤਿੰਨ ਸਾਲ ਲਈ ਬੀਮਾ ਕਰਵਾਉਣ ਦੇ 5600 ਰੁਪਏ ਪ੍ਰੀਮੀਅਮ ਵਿੱਚੋਂ ਜਨਰਲ/ਏ.ਪੀ.ਐਲ. ਵਰਗ ਦੇ ਲਾਭਪਾਤਰੀਆਂ ਨੂੰ 2800/-ਰੁਪਏ ਅਤੇ ਐਸ.ਸੀ./ਐਸ.ਟੀ. ਵਰਗ ਨਾਲ ਸਬੰਧਤ ਲਾਭਪਾਤਰੀਆਂ ਨੂੰ 1680/- ਰੁਪਏ ਅਦਾ ਕਰਨੇ ਪੈਂਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 96530-31054 ਅਤੇ 82830-45015 ਤੇ ਸੰਪਰਕ ਕੀਤਾ ਜਾ ਸਕਦਾ ਹੈ।