ਫ਼ਤਹਿਗੜ੍ਹ ਸਾਹਿਬ : ਮੱਛੀ ਪਾਲਣ ਦੇ ਖੇਤਰ ਵਿੱਚ ਵਿਸਥਾਰ ਲਈ ਮੱਛੀ ਪਾਲਣ ਵਿਭਾਗ ਵੱਲੋਂ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਟਰੇਨਿੰਗ ਹਾਲ ਵਿਖੇ "ਸਜਾਵਟੀ ਮੱਛੀਆਂ ਦਾ ਪੰਜਾਬ ਵਿੱਚ ਸਕੋਪ " ਵਿਸ਼ੇ ਤੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਂਇੰਸਿਜ਼ ਯੁਨੀਵਰਸਿਟੀ ਦੇ ਡਾ. ਅਮਿਤ ਮੰਡਲ ਨੇ ਸਜਾਵਟੀ ਮੱਛੀਆ ਦੀਆ ਕਿਸਮਾਂ, ਕਲਚਰ, ਪ੍ਰਜਨਣ, ਬਿਮਾਰੀ ਆਦਿ ਬਾਰੇ ਕਿਸਾਨਾਂ ਨੂੰ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਮੱਛੀ ਪਾਲਕ ਕਿਸਾਨਾਂ ਨੂੰ ਦੱਸਿਆ ਕਿ ਸਜਾਵਟੀ ਮੱਛੀਆ ਨੂੰ ਪਾਲ ਕੇ ਕਿਸਾਨ ਵਾਧੂ ਮੁਨਾਫਾ ਕਮਾ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਸਜਾਵਟੀ ਮੱਛੀਆ ਨੂੰ ਐਕੂਏਰੀਅਮ ਵਿੱਚ ਪਾਲ ਸਕਦੇ ਹਨ, ਸਜਾਵਟੀ ਮੱਛੀਆਂ ਇਨਸਾਨ ਨੂੰ ਕੁਦਰਤ ਦੇ ਨੇੜ੍ਹੇ ਲੈ ਕੇ ਜਾਂਦੀਆਂ ਹਨ ਤੇ ਚਿੰਤਾਮੁਕਤ ਰਹਿਣ ਵਿੱਚ ਵੀ ਮਦਦ ਕਰਦੀਆਂ ਹਨ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੱਖ-ਵੱਖ ਵਿਸ਼ਿਆ ਤੇ ਟਰੇਨਿੰਗ ਦਿੱਤੀ ਜਾ ਰਹੀ ਹੈ। ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਪ੍ਰੀਤ ਸਿੰਘ, ਨੇ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਵੱਖ- ਵੱਖ ਪ੍ਰੋਜੈਕਟਾਂ ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੰਪਦਾ ਯੋਜਨਾ ਅਧੀਨ ਵੱਖ –ਵੱਖ ਮੱਦਾਂ ਅਧੀਨ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਤੇ 40 ਤੋਂ 60 % ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੰਮ ਸੁਰੂ ਕਰਨ ਲਈ ਅਸਾਨ ਕਿਸਤਾਂ ਤੇ ਕਰਜੇ ਦਿਵਾਏ ਜਾਂਦੇ ਹਨ।
ਤੇਜਿੰਦਰ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ (ਫਾਰਮ) ਨੇ ਦੱਸਿਆ ਕਿ ਜਿਲ੍ਹੇ ਵਿੱਚ ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆ- ਫੱਗਣਮਾਜਰਾ ਵਿਖੇ ਹੁਣ ਤੱਕ 108.45 ਲੱਖ ਮੱਛੀ ਪੂੰਗ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ ਅਤੇ ਮੱਛੀ ਕਿਸਾਨਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਸੁਖਵਿੰਦਰ ਕੌਰ, ਸੀਨੀਅਰ ਮੱਛੀ ਪਾਲਣ ਅਫਸਰ ਨੇ ਮੱਛੀ ਪਾਲਣ ਦੀ ਮੁੱਢਲੀ ਜਾਣਕਾਰੀ ਦਿੱਤੀ। ਇਸ ਮੌਕੇ ਬਲਜੋਤ ਕੌਰ ਮੱਛੀ ਪਾਲਣ ਅਫਸਰ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ 19 ਅਗਸਤ ਤੋਂ ਮੱਛੀ ਪਾਲਣ ਦੀ 5 ਦਿਨਾਂ ਦੀ ਮੁਫਤ ਮੁੱਢਲੀ ਟਰੇਨਿੰਗ ਦਿੱਤੀ ਜਾਣੀ ਹੈ। ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ ਨੇ ਸੰਯੁਕਤ ਖੇਤੀ ਤੇ ਕਿਸਾਨ ਨੂੰ ਜਾਣਕਾਰੀ ਦਿੱਤੀ । ਇਸ ਕੈਂਪ ਵਿੱਚ ਕਮਲਪ੍ਰੀਤ ਕੌਰ ਤੇ ਪ੍ਰਦੀਪ ਸਿੰਘ ਨੇ ਭਾਗ ਲਿਆ । ਕਿਸਾਨਾਂ ਵੱਲੋਂ ਇਸ ਟਰੇਨਿੰਗ ਪ੍ਰਤੀ ਭਰਵਾਂ ਹੁੰਗਾਰਾ ਮਿਲਿਆ।