ਡੀ ਸੀ ਵੱਲੋਂ ਸੁਤੰਤਰਤਾ ਦਿਵਸ ਸਮਾਗਮ ਲਈ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ
ਐਸ.ਏ.ਐਸ.ਨਗਰ : ਜ਼ਿਲੇ ਵਿੱਚ 77ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ। 15 ਅਗਸਤ, 2024 ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਸਮਾਗਮ ਵਾਲੇ ਸਥਾਨ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫੇਜ਼ 6 ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਵਿਸ਼ੇਸ ਮੀਟਿੰਗ ਬੁਲਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹਾ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ 15 ਅਸਗਤ ਨੂੰ ਸਰਕਾਰੀ ਕਾਲਜ, ਫੇਜ਼- 6 ਵਿਖੇ ਆਮ ਲੋਕਾਂ ਨੂੰ ਸਮਾਗਮ ਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਝਾਕੀਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਦੇਖ ਰੇਖ ਹੇਠ ਤਿਆਰ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ, ਮੋਹਾਲੀ ਇਸ ਸਮਾਗਮ ਲਈ ਕੀਤੇ ਜਾਣ ਵਾਲੇ ਸਾਰੇ ਪ੍ਰਬੰਧਾਂ ਦੇ ੳਵਰਆਲ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੇ ਬੈਠਣ ਲਈ ਵੱਖਰੇ ਬਲਾਕ ਦਾ ਪ੍ਰਬੰਧ ਕੀਤਾ ਜਾਵੇਗਾ, ਇਸ ਦੌਰਾਨ ਸ਼ਹੀਦ ਸੈਨਿਕਾਂ ਦੇ ਵਾਰਿਸ ਵੀ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਹਰਸਲ ਸਮੇਂ ਡਾਕਟਰਾਂ ਦੀ ਮੈਡੀਕਲ ਟੀਮ ਸਮੇਤ ਲੇਡੀ ਡਾਕਟਰ ਦੀ ਤਾਇਨਾਤੀ ਦੀ ਜ਼ਿੰਮੇਵਾਰੀ ਸਿਵਲ ਸਰਜਨ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਭਾਗ ਆਪਣੇ ਨਾਲ ਸਬੰਧਤ ਕੰਮ ਸੁਚੱਜੇ ਢੰਗ ਨਾਲ ਅਤੇ ਪੂਰੀ ਤਨਦੇਹੀ ਨਾਲ ਕਰਨ। ਇਸੇ ਤਰਾਂ ਪੁਲਿਸ ਵਿਭਾਗ ਅਤੇ ਹੋਰ ਅਧਿਕਾਰੀਆਂ ਨੂੰ ਸਮਾਗਮ ਦੌਰਾਨ ਵੱਖ-ਵੱਖ ਕੰਮਾਂ ਲਈ ਵਿਸ਼ੇਸ ਤੌਰ ਤੇ ਜਵਾਬਦੇਹ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਾਲੇ ਸਥਾਨ ਤੇ ਫੁੱਲ ਡਰੈਸ ਰਿਹਰਸਲ 13 ਅਗਸਤ ਨੂੰ ਹੋਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਵਿਰਾਜ ਐਸ. ਤਿੜਕੇ, ਵਧੀਕ ਡਿਪਟੀ ਕਮਿਸ਼ਨਰ (ਪੈਂਡੂ ਵਿਕਾਸ) ਸੋਨਮ ਚੋਧਰੀ, ਐਸ.ਡੀ.ਐਮ ਮੁਹਾਲੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਹਰਮਿੰਦਰ ਸਿੰਘ ਹੁੰਦਲ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਨਗਰ ਨਿਗਮ ਰੰਜੀਵ ਕੁਮਾਰ, ਜ਼ਿਲ੍ਹਾ ਸਿਖਿਆ ਅਫ਼ਸਰ ਗਿੰਨੀ ਦੁੱਗਲ, ਸਿਵਿਲ ਸਰਜਨ ਡਾ. ਦਵਿੰਦਰ ਕੁਮਾਰ, ਅਤੇ ਹੋਰ ਅਧਿਕਾਰੀ ਸਾਹਿਬਾਨ ਹਾਜਰ ਸਨ।