ਕੁਰਾਲੀ : ਭਾਰਤੀ ਕੁਸ਼ਤੀ ਖਿਡਾਰਣ ਵਿਨੇਸ਼ ਫ਼ੋਗਾਟ ਨਾਲ ਉਲੰਪਿਕ ਖੇਡਾਂ ਵਿੱਚ ਹੋਈ ਬੇਇਨਸਾਫ਼ੀ ਕਾਰਨ ਅੱਜ ਹਰੇਕ ਭਾਰਤੀ ਦਾ ਦਿਲ ਪਸੀਜਿਆ ਗਿਆ ਹੈ ਅਤੇ ਉਸਨੂੰ 100 ਗ੍ਰਾਮ ਭਾਰ ਵੱਧਣ ਕਾਰਨ ਉਲੰਪਿਕ ’ਚੋਂ ਬਾਹਰ ਦਾ ਰਸਤਾ ਵਿਖਾਉਣ ਨੂੰ ਲੈ ਕੇ ਖੇਡ ਸੰਸਾਰ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਵਿਚਾਰ ਇੱਥੋਂ ਨੇੜਲੇ ਪਿੰਡ ਰੋਡਮਾਜਰਾ ਚੱਕਲਾਂ ਦੇ ਪ੍ਰਸਿੱਧ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਉਘੇ ਖੇਡ ਪ੍ਰੋਮੋਟਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਇਸ ਭਾਰਤੀ ਕੁਸ਼ਤੀ ਖਿਡਾਰਣ ਵਿਨੇਸ਼ ਫ਼ੋਗਾਟ ਨੂੰ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਹਰੇਕ ਵਰ੍ਹੇ ਫਰਵਰੀ’ਚ ਕਰਵਾਏ ਜਾਂਦੇ ਸਾਲਾਨਾ ਕੌਮਾਂਤਰੀ ਖੇਡ ਮੇਲੇ ਦੌਰਾਨ ਇੱਕ ਲੱਖ ਨਕਦ ਅਤੇ ਸੋਨੇ ਦੇ ਸਿੱਕੇ ਨਾਲ ਵਿਸੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਮੁੱਚੇ ਕਲੱਬ ਮੈਂਬਰ ਹਮੇਸ਼ਾਂ ਹੀ ਇਸ ਖਿਡਾਰਣ ਦਾ ਤਨੋਂ ਮਨੋਂ ਧਨੋਂ ਸਾਥ ਦੇਣ ਲਈ ਤਿਆਰ ਹਨ ਅਤੇ ਹਰਿਆਣੇ ਦੀ ਇਸ ਧੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਮੁੱਚੇ ਪੰਜਾਬੀ ਖੁੱਲ ਕੇ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਖੇਡ ਐਸ਼ੋਸ਼ੀਏਸ਼ਨਾਂ, ਖੇਡ ਜਥੇਬੰਦੀਆਂ ਅਤੇ ਖੇਡ ਕਲੱਬ ਦੇ ਮੈਂਬਰਾਂ ਸਮੇਤ ਸਮੁੱਚੇ ਖਿਡਾਰੀਆਂ ਨੂੰ ਗਹਿਰੇ ਦੁੱਖ ਹੋਇਆ ਹੈ।