ਮੋਹਾਲੀ : ਕੋਲਕਾਤਾ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਦੀ ਜਬਰ-ਜ਼ਨਾਹ ਪਿੱਛੋਂ ਹਤਿਆ ਦੇ ਵਿਰੋਧ ਵਿਚ ਸਰਕਾਰੀ ਡਾਕਟਰ 14 ਅਗੱਸਤ ਨੂੰ ਸਾਰੀਆਂ ਓ.ਪੀ.ਡੀ. ਅਤੇ ਚੋਣਵੀਂਆਂ ਸਿਹਤ ਸੇਵਾਵਾਂ ਠੱਪ ਰੱਖਣਗੇ। ਇਹ ਜਾਣਕਾਰੀ ਦਿੰਦਿਆਂ ਪੀ.ਸੀ.ਐਮ.ਐਸ. ਮੋਹਾਲੀ, ਫ਼ੈਕਲਟੀ ਐਸੋਸੀਏਸ਼ਨ ਏਮਜ਼ ਮੋਹਾਲੀ ਦੇ ਅਹੁਦੇਦਾਰਾਂ ਨੇ ਦਸਿਆ ਕਿ ਸਿਵਲ ਹਸਪਤਾਲ ਵਿਚ ਵਿਰੋਧ ਪ੍ਰਦਰਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ, ਜਿਸ ਦੌਰਾਨ ਮੋਹਾਲੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਓ.ਪੀ.ਡੀ. ਸੇਵਾਵਾਂ ਅਤੇ ਚੋਣਵੀਆਂ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦਸਿਆ ਕਿ ਇਸ ਪ੍ਰਦਰਸ਼ਨ ਦਾ ਐਮਰਜੈਂਸੀ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਜਾਰੀ ਰਹਿਣਗੀਆਂ। ਅਹੁਦੇਦਾਰਾਂ ਨੇ ਦਸਿਆ ਕਿ ਇਸ ਪ੍ਰਦਰਸ਼ਨ ਦਾ ਮੰਤਵ ਉਕਤ ਦੁਖਦਾਈ ਘਟਨਾ ਪ੍ਰਤੀ ਗੁੱਸਾ ਪ੍ਰਗਟ ਕਰਨਾ ਅਤੇ ਪੀੜਤਾ ਲਈ ਇਨਸਾਫ਼ ਦੀ ਮੰਗ ਕਰਨਾ ਹੈ। ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਸੈਂਟਰਲ ਪ੍ਰਟੈਕਸ਼ਨ ਐਕਟ ਦੀ ਵੀ ਮੰਗ ਕੀਤੀ। ਇਸ ਮੌਕੇ ਪੀਸੀਐਮਐਸ ਦੇ ਪ੍ਰਧਾਨ ਡਾ. ਆਸ਼ੀਸ਼ ਏਮਜ਼ ਮੋਹਾਲੀ ਅਤੇ ਡਾ. ਅਸ਼ਵਨੀ ਕੁਮਾਰ ਗੁਪਤਾ ਵੀ ਮੌਜੂਦ ਸਨ।