ਸੋਨੀਪਤ : ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਦੇ ਮੈਂਬਰ ਸੁਮਿਤ ਦਾ ਬੀਤੇ ਦਿਨ ਸੋਨੀਪਤ ਦੇ ਕੁਰਦ-ਇਬਰਾਹਿਮਪੁਰ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਦਿੱਲੀ ਤੋਂ ਆਉਂਦੇ ਸਮੇਂ ਸੁਮਿਤ ਨੂੰ ਬਹਿਲਗ੍ਹ ਵਿਖੇ ਖੁੱਲ੍ਹੀ ਕਾਰ ਵਿੱਚ ਧੂਮ ਧਾਮ ਨਾਲ ਲਿਆਂਦਾ ਗਿਆ। ਇਸ ਮੌਕੇ ਸੁਮਿਤ ਦੀ ਕਾਰ ’ਤੇ ਫ਼ੁੱਲਾਂ ਦੀ ਵਰਖਾ ਵੀ ਕੀਤੀ ਗਈ।
ਇਸ ਮੌਕੇ ਭਰਵੇਂ ਸਵਾਗਤ ਤੋਂ ਖ਼ੁਸ਼ ਸੁਮਿਤ ਨੇ ਕਿਹਾ ਕਿ ਪੂਰੀ ਟੀਮ ਨੇ ਇਕਜੁੱਟ ਹੋ ਕੇ ਪੈਰਿਸ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਟੀਮ ਦੇ ਸਾਰੇ ਮੈਂਬਰਾਂ ਨੇ ਇਕ ਦੂਜੇ ਨੂੰ ਹੌਂਸਲਾ ਦਿੰਦੇ ਰਹੇ ਅਤੇ ਆਪਣੇ ਟੀਚੇ ਨੂੰ ਸਰ ਕਰਨ ਲਈ ਦੁਹਰਾਉਂਦੇ ਰਹੇ। ਇਸ ਮੌਕੇ ਸੁਮਿਤ ਨੇ ਕਿਹਾ ਕਿ ਮੈਦਾਨ ਵਿੱਚ ਖੇਡਦੇ ਹੋਏ ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਮੇਰੀ ਮਾਂ ਮੇਰੇ ਨਾਲ ਹੈ ਅਤੇ ਦੇਸ਼ ਲਈ ਕੁੱਝ ਚੰਗਾ ਕਰਨ ਲਈ ਮੈਨੂੰ ਪ੍ਰੇਰਿਤ ਕਰਦੀ ਰਹੀ ਹੈ। ਸੁਮਿਤ ਨੇ ਇਸ ਮੌਕੇ ਖੇਡ ਪ੍ਰੇਮੀਆਂ ਵੱਲੋਂ ਦਿੱਤੇ ਸਹਿਯੋਗ ਅਤੇ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਤੁਹਾਡਾ ਪਿਆਰ ਅਤੇ ਭਰੋਸਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਵਿੱਖ ਵਿੱਚ ਤਗ਼ਮਿਆਂ ਦਾ ਰੰਗ ਜ਼ਰੂਰ ਬਦਲ ਜਾਵੇਗਾ।