ਜ਼ਿਲ੍ਹਾ ਐੱਸ.ਏ.ਐੱਸ. ਨਗਰ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਦਾਖਲ ਹੋਇਆ ਮਾਰਚ
ਜ਼ਿਲ੍ਹਾ ਵਾਸੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਫਤਹਿਗੜ੍ਹ ਸਾਹਿਬ : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਗਈਆਂ "ਖੇਡਾਂ ਵਤਨ ਪੰਜਾਬ ਦੀਆਂ" ਦੇ ਪਿਛਲੇ 02 ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-3 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ। ਇਹ ਮਾਰਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ ਅੱਜ ਚੁੰਨੀ ਕਲਾਂ ਵਿਖੇ ਜ਼ਿਲ੍ਹਾ ਐੱਸ. ਏ.ਐੱਸ. ਨਗਰ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਦਾਖਲ ਹੋਇਆ। ਇਸ ਦੇ ਸਵਾਗਤ ਲਈ ਅਕਾਲ ਅਕੈਡਮੀ, ਚੁੰਨੀ ਕਲਾਂ ਨੇੜੇ ਰੱਖੇ ਸਮਾਗਮ ਵਿੱਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਐੱਸ. ਡੀ.ਐਮ. ਸੰਜੀਵ ਕੁਮਾਰ, ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਪਤਵੰਤੇ ਸ਼ਾਮਲ ਹੋਏ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪਿਛਲੇ 02 ਸਾਲ ਦੀਆਂ "ਖੇਡਾਂ ਵਤਨ ਪੰਜਾਬ ਦੀਆਂ" ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-3 ਉਲੀਕਿਆ ਗਿਆ ਹੈ। "ਖੇਡਾਂ ਵਤਨ ਪੰਜਾਬ ਦੀਆਂ" ਇਤਿਹਾਸਕ ਕਦਮ ਹਨ। ਇਹਨਾਂ ਨਾਲ ਜਿੱਥੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਢੁਕਵਾਂ ਮੌਕਾ ਮਿਲਦਾ ਹੈ। ਉਥੇ ਨੌਜਵਾਨਾਂ ਨੂੰ ਵੱਖ ਵੱਖ ਅਲਾਮਤਾਂ ਤੋਂ ਬਚਾਅ ਕੇ ਸਹੀ ਰਾਹ ਉੱਤੇ ਵੀ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਦੀ ਸਫਲਤਾ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਖ਼ਿਡਾਰੀਆਂ ਨੂੰ ਸਹੂਲਤਾਂ ਦੇਣਾ ਸਰਕਾਰ ਦਾ ਪਹਿਲਾ ਫਰਜ਼ ਹੈ, ਜਿਹੜਾ ਕਿ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੁਣ ਅਮੀਰੀ ਤੇ ਗਰੀਬੀ ਦਾ ਮੁਹਤਾਜ਼ ਨਹੀਂ ਹੁੰਦਾ ਅਤੇ ਖਿਡਾਰੀ ਦੀ ਜ਼ਿੰਦਗੀ ਵਿੱਚ ਕਾਬਲੀਅਤ ਤੇ ਮਿਹਨਤ ਮੁੱਖ ਹੁੰਦੀ ਹੈ।
ਹਲਕਾ ਵਿਧਾਇਕ ਨੇ ਕਿਹਾ ਉਹ ਆਪਣੇ ਹਲਕੇ ਵਿੱਚ ਵੱਡੀ ਗਿਣਤੀ ਖੇਡ ਮੈਦਾਨ ਬਣਾ ਰਹੇ ਹਨ, ਜਿਸ ਨਾਲ ਖਿਡਾਰੀਆਂ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ। ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਰਨ ਉਹ ਕਦੇ ਵੀ ਖੇਡਾਂ ਨੂੰ ਨਾ ਛੱਡਣ। ਸਰਕਾਰ ਵੱਲੋਂ ਜਿਹੜੀ ਵੀ ਮਦਦ ਦੀ ਲੋੜ ਹੈ, ਉਹ ਹਰ ਹਾਲ ਦਿੱਤੀ ਜਾਵੇਗੀ। ਖ਼ਿਡਾਰੀਆਂ ਨੂੰ ਖੇਡਾਂ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਇਹ ਖੇਡਾਂ ਕਰਵਾਉਣ ਹਿਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ। ਹਲਕਾ ਵਿਧਾਇਕ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸਬੰਧੀ ਬਲਾਕ ਪੱਧਰੀ ਖੇਡਾਂ 01 ਸਤੰਬਰ ਤੋਂ 10 ਸਤੰਬਰ, ਜ਼ਿਲ੍ਹਾ ਪੱਧਰੀ ਖੇਡਾਂ 15 ਸਤੰਬਰ ਤੋਂ 22 ਸਤੰਬਰ ਅਤੇ ਰਾਜ ਪੱਧਰੀ ਖੇਡਾਂ 11 ਅਕਤੂਬਰ ਤੋਂ 09 ਨਵੰਬਰ ਤਕ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਐੱਸ. ਡੀ. ਐਮ. ਬੱਸੀ ਪਠਾਣਾਂ ਸ਼੍ਰੀ ਸੰਜੀਵ ਕੁਮਾਰ ਕੁਮਾਰ ਨੇ ਦੱਸਿਆ ਕਿ ਇਹਨਾਂ ਖੇਡਾਂ ਤਹਿਤ ਸੌਫਤ ਬਾਲ ਦੇ ਸੂਬਾ ਪੱਧਰੀ ਮੁਕਾਬਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣੇ ਹਨ। ਇਹਨਾਂ ਖੇਡਾਂ ਬਾਬਤ ਤਿਆਰੀਆਂ ਜ਼ੋਰਾਂ 'ਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਜਾਰੀ ਹੈ ਤੇ ਵੱਧ ਤੋਂ ਵੱਧ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ।
ਇਸ ਮਸ਼ਾਲ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ, ਖਾਸਕਰ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਖੇਡਾਂ ਨਾਲ ਜੁੜੇ ਨੌਜਵਾਨ ਜਿੱਥੇ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਤੋਂ ਬਚੇ ਰਹਿੰਦੇ ਹਨ, ਉੱਥੇ ਉਹ ਆਪਣੀ ਮਿਹਨਤ ਨਾਲ ਆਪਣਾ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰ ਸਕਦੇ ਹਨ। ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਆਨਲਾਈਨ ਲਿੰਕ
https://eservices.punjab.gov.in 'ਤੇ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾਣਗੀਆਂ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ ਲੈ ਕੇ 40 ਸਾਲ ਓਪਨ ਗਰੁੱਪ, 41 ਤੋਂ ਲੈ ਕੇ 50 ਸਾਲ ਤੱਕ ਓਪਨ ਗਰੁੱਪ ਅਤੇ 50 ਸਾਲ ਤੋਂ ਉੱਪਰ ਦੇ ਖਿਡਾਰੀ ਓਪਨ ਗਰੁੱਪ, ਸ਼ਾਮਲ ਹਨ। ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ, ਸੀਨੀਅਰ ਬਾਸਕਟਬਾਲ ਕੋਚ ਸ਼੍ਰੀ ਰਾਹੁਲਦੀਪ ਸਿੰਘ ਅਤੇ ਖੇਡ ਵਿਭਾਗ ਦੇ ਸਮੂਹ ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਸਬੰਧੀ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਕਿਸੇ ਵੀ ਖਿਡਾਰੀ ਤੇ ਦਰਸ਼ਕ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੀ. ਏ. ਨਵਦੀਪ ਸਿੰਘ, ਪਲੇਸਮੈਂਟ ਅਫ਼ਸਰ ਸ੍ਰ. ਜਸਵਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਮੋਹਾਲੀ ਸ਼੍ਰੀ ਰੂਪੇਸ਼ ਕੁਮਾਰ, ਸੁਖਦੀਪ ਸਿੰਘ ਫੁਟਬਾਲ ਕੋਚ, ਕੁਲਵਿੰਦਰ ਸਿੰਘ ਹੈਂਡਬਾਲ ਕੋਚ, ਲਖਵੀਰ ਸਿੰਘ ਐਥਲੈਟਿਕਸ ਕੋਚ, ਯਾਦਵਿੰਦਰ ਸਿੰਘ ਵਾਲੀਬਾਲ ਕੋਚ, ਮਨੋਜ ਕੁਮਾਰ ਜਿਮਨਾਸਟਿਕ ਕੋਚ, ਮਨਜੀਤ ਸਿੰਘ ਕੁਸ਼ਤੀ ਕੋਚ, ਮਨੀਸ਼ ਕੁਮਾਰ ਹਾਕੀ ਕੋਚ, ਮਨਵੀਰ ਕੌਰ ਐਥਲੈਟਿਕਸ ਕੋਚ, ਵੀਰਨ ਦੇਵੀ ਖੋ-ਖੋ ਕੋਚ, ਭੁਪਿੰਦਰ ਕੌਰ ਐਥਲੈਟਿਕਸ ਕੋਚ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਪਤਵੰਤੇ ਹਾਜ਼ਰ ਸਨ।