ਮੋਗਾ : ਸਥਾਨਕ ਡੀ.ਐਮ.ਕਾਲਜ ਵਿਖੇ ਪੰਜਾਬੀ ਵਿਭਾਗ ਦੇ ਪ੍ਰੋ. ਪਰਮਿੰਦਰ ਕੌਰ ਅਤੇ ਪ੍ਰੋ. ਕਮਲਜੀਤ ਕੌਰ ਦੀ ਅਗਵਾਈ ਹੇਠ ਧੀਆਂ ਦਾ ਤਿਉਹਾਰ ਤੀਜ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਾਰੰਗਪ੍ਰੀਤ ਸਿੰਘ ਔਜਲਾ ਐੱਸ ਡੀ ਐਮ ਮੋਗਾ ਕਮ ਰਿਸੀਵਰ ਡੀ ਐਮ ਕਾਲਜ ਨੇ ਭਾਗ ਲਿਆ। ਕਾਲਜ ਪਹੁੰਚਣ ’ਤੇ ਕਾਲਜ ਦੀਆਂ ਐਨ.ਸੀ.ਸੀ ਵਿਦਿਆਰਥਣਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਪਹੁੰਚਣ ’ਤੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾਇਆ ਅਤੇ ’ਜੀ ਆਇਆ ਨੂੰ’ ਕਿਹਾ। ਪ੍ਰਿੰਸੀਪਲ ਨਰਿੰਦਰ ਖੰਨਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੀ ਸ਼ਮੂਲੀਅਤ ਨਾਲ ਵਿਦਿਆਰਥਣਾਂ ਦਾ ਮਨੋਬਲ ਵਧਿਆ ਹੈ ਅਤੇ ਕਾਲਜ ਸਟਾਫ ਵੀ ਖੁਸ਼ ਹੈ। ਰਿਸੀਵਰ ਵਜੋਂ ਕੰਮ ਕਰਕੇ, ਤੁਸੀਂ ਕਾਲਜ ਨੂੰ ਹੋਰ ਅੱਗੇ ਲਿਜਾਣ ਵਿੱਚ ਸਾਡੀ ਮਦਦ ਕਰ ਰਹੇ ਹੋ, ਜਿਸ ਨਾਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਕਾਲਜ ਦੇ ਰਿਸੀਵਰ ਸਾਰੰਗਪ੍ਰੀਤ ਸਿੰਘ ਔਜਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਕਾਲਜ ਵਿੱਚ ਆ ਕੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਉਹ ਕਾਲਜ ਦੀ ਤਰੱਕੀ ਲਈ ਜੋ ਵੀ ਕੀਤਾ ਜਾ ਸਕਦਾ ਹੈ ਉਹ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਇਸ ਸਮੇਂ ਮਿਸ ਤੀਜ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਹਮਨਪ੍ਰੀਤ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ ਅਤੇ ਅਨੁਪਮਾ ਸੈਕਿੰਡ ਰਨਰ ਅੱਪ ਰਹੀ। ਇਸ ਮੌਕੇ ਪ੍ਰੋ: ਲਲਿਤ ਮੋਹਨ ਗਰਗ, ਪ੍ਰੋ: ਜਤਿੰਦਰ ਸ਼ਰਮਾ, ਪ੍ਰੋ: ਬਲਵਿੰਦਰ ਕੁਮਾਰ, ਪ੍ਰੋ: ਮੀਨੂੰ ਪਾਲ ਸੂਦ, ਪ੍ਰੋ: ਮੰਜੂ ਢੰਡ, ਪ੍ਰੋ: ਅਸ਼ਵਨੀ ਸ਼ਰਮਾ, ਪ੍ਰੋ: ਗੁਰਪ੍ਰੀਤ ਘਾਲੀ ਸਮੇਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ।