ਖੇਡਾਂ ਵਿੱਚ 1500 ਖਿਡਾਰੀ ਲੈਣਗੇ ਹਿੱਸਾ
10 ਸਤੰਬਰ ਤਕ ਚੱਲਣਗੀਆਂ ਬਲਾਕ ਪੱਧਰੀ ਖੇਡਾਂ
ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 27 ਖੇਡਾਂ ਦੇ ਮੁਕਾਬਲੇ 15.09.2024 ਤੋਂ 22.09.2024 ਤੱਕ
ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ "ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ। ਇਹਨਾਂ ਖੇਡਾਂ ਸਦਕਾ ਵੱਡੀ ਗਿਣਤੀ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਡੀ. ਐਮ., ਫ਼ਤਹਿਗੜ੍ਹ ਸਾਹਿਬ, ਸ਼੍ਰੀਮਤੀ ਇਸਮਤ ਵਿਜੈ ਸਿੰਘ, ਨੇ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -3 ਤਹਿਤ ਬਲਾਕ ਪੱਧਰੀ ਖੇਡਾਂ ਅਧੀਨ ਬਲਾਕ ਸਰਹਿੰਦ ਦੀਆਂ ਖੇਡਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਲਈ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਸਰੀਰਕ ਪੱਖੋਂ ਚੁਸਤ-ਦਰੁਸਤ ਰੱਖਦੀਆਂ ਹਨ ਉਥੇ ਹੀ ਖਿਡਾਰੀਆਂ ਨੂੰ ਮਾਨਸਿਕ ਤੌਰ ਤੇ ਵੀ ਮਜਬੂਤ ਬਣਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਨਾਂ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਤ ਤੇ ਹਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਇਸ ਲਈ ਖਿਡਾਰੀਆਂ ਨੂੰ ਹਮੇਸ਼ਾਂ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀ ਖੇਡ ਪ੍ਰਤਿਭਾ ਦੇ ਬਿਹਤਰ ਪ੍ਰਦਰਸ਼ਨ ਕਰਕੇ ਹੀ ਉਚੀਆਂ ਮੱਲ੍ਹਾਂ ਮਾਰੀਆਂ ਜਾ ਸਕਦੀਆਂ ਹਨ। ਇਸ ਲਈ ਹੋਰ ਵੀ ਵਧੇਰੇ ਮਿਹਨਤ ਨਾਲ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰੋ ਤਾਂ ਜੋ ਭਵਿੱਖ ਵਿੱਚ ਹੋਰ ਵੀ ਉਚਾਈਆਂ ਨੂੰ ਛੂਹ ਸਕੋ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਇਸਮਤ ਵਿਜੈ ਸਿੰਘ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦਾ ਪਹਿਲਾ ਕਦਮ ਖੇਡਾਂ ਹੈ, ਜਿਸ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ, ਜਿਹੜਾ ਕਿ ਬਹੁਤ ਕਾਰਗਰ ਸਾਬਤ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਪੱਧਰੀ ਖੇਡਾਂ, ਜ਼ਿਲ੍ਹਾ ਪੱਧਰੀ ਖੇਡਾਂ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਐਸ.ਡੀ.ਐਮ. ਇਸ਼ਮਤ ਵਿਜੈ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਸ਼ੁਰੂ ਹੋਣ ਦਾ ਰਸਮੀ ਐਲਾਨ ਵੀ ਕੀਤਾ।
ਬਲਾਕ ਪੱਧਰੀ ਖੇਡਾਂ ਤਹਿਤ ਵੱਖ-ਵੱਖ 5 ਬਲਾਕਾਂ ਸਰਹਿੰਦ, ਖੇੜਾ, ਬੱਸੀ ਪਠਾਣਾਂ, ਖਮਾਣੋਂ ਅਤੇ ਅਮਲੋਹ ਵਿੱਚ 7 ਖੇਡਾਂ ਅਥਲੈਟਿਕਸ, ਖੋਹ-ਖੋਹ, ਫੁਟਬਾਲ, ਵਾਲੀਬਾਲ ਸਮੈਸ਼ਿੰਗ, ਵਾਲੀਬਾਲ ਸ਼ੂਟਿੰਗ, ਕਬੱਡੀ ਨੈਸ਼ਨਲ ਸਟਾਇਲ ਅਤੇ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਮਿਤੀ 01.09.2024 ਤੋਂ 10.09.2024 ਤੱਕ ਕਰਵਾਏ ਜਾਣਗੇ। ਬਲਾਕ ਪੱਧਰੀ ਖੇਡਾਂ ਤਹਿਤ ਬਲਾਕ ਸਰਹਿੰਦ ਦੀਆਂ ਖੇਡਾਂ ਦੀ ਅੱਜ ਸ਼ੁਰੂਆਤ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕੀਤੀ ਗਈ ਹੈ।
ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 27 ਖੇਡਾਂ ਬੈਡਮਿੰਟਨ, ਗੱਤਕਾ, ਚੈੱਸ, ਕਬੱਡੀ ਸਰਕਲ ਸਟਾਇਲ, ਖੋਹ-ਖੋਹ, ਕਿੱਕ ਬਾਕਸਿੰਗ, ਵੇਟ ਲਿਫਟਿੰਗ, ਸਾਫ਼ਟਬਾਲ, ਬਾਕਸਿੰਗ, ਲਾਅਨ-ਟੈਨਿਸ, ਤੈਰਾਕੀ, ਟੇਬਲ-ਟੈਨਿਸ, ਸ਼ੂਟਿੰਗ, ਜੂਡੋ, ਪਾਵਰ ਲਿਫਟਿੰਗ, ਹਾਕੀ, ਅਥਲੈਟਿਕਸ, ਬਾਸਕਟਬਾਲ, ਕਬੱਡੀ ਨੈਸ਼ਨਲ ਸਟਾਇਲ, ਫੁਟਬਾਲ, ਵਾਲੀਬਾਲ ਸ਼ੂਟਿੰਗ,ਵਾਲੀਬਾਲ ਸਮੈਸ਼ਿੰਗ, ਹੈਂਡਬਾਲ, ਨੈੱਟਬਾਲ , ਆਰਚਰੀ, ਰਗਬੀ ਅਤੇ ਕੁਸ਼ਤੀ ਆਦਿ ਦੇ ਮੁਕਾਬਲੇ ਮਿਤੀ 15.09.2024 ਤੋਂ 22.09.2024 ਤੱਕ ਕਰਵਾਏ ਜਾਣਗੇ।
ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਖੇਡ ਵਿਭਾਗ ਵੱਲੋਂ ਐੱਸ.ਡੀ.ਐਮ. ਇਸਮਤ ਵਿਜੈ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ 1500 ਤੋਂ ਵੱਧ ਬੱਚੇ ਹਿੱਸਾ ਲੈ ਰਹੇ ਹਨ। ਇਹਨਾਂ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਆਨਲਾਈਨ ਲਿੰਕ https://eservices.punjab.gov.in 'ਤੇ ਕੀਤੀ ਜਾ ਸਕਦੀ ਹੈ ਤੇ ਆਫ਼ਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਇਹ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾਣਗੀਆਂ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤ30 ਸਾਲ ਓਪਨ ਗਰੁੱਪ, 31 ਤੋਂ 40 ਸਾਲ ਓਪਨ ਗਰੁੱਪ, 41 ਤੋਂ 50 ਸਾਲ ਤੱਕ ਓਪਨ ਗਰੁੱਪ, 51 ਤੋਂ 60 ਸਾਲ ਤੱਕ ਓਪਨ ਗਰੁੱਪ, 61 ਤੋਂ 40 ਸਾਲ ਤੱਕ ਓਪਨ ਗਰੁੱਪ, 70 ਸਾਲ ਤੋਂ ਉੱਪਰ ਦੇ ਖਿਡਾਰੀ ਓਪਨ ਗਰੁੱਪ, ਸ਼ਾਮਲ ਹਨ। ਇਹਨਾਂ ਖੇਡਾਂ ਸਬੰਧੀ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ। ਨੋਡਲ ਅਫ਼ਸਰ, ਖੇਡਾਂ ਵਤਨ ਪੰਜਾਬ ਦੀਆਂ ਤੇ ਸੀਨੀਅਰ ਬਾਸਕਟਬਾਲ ਕੋਚ ਸ਼੍ਰੀ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਲਈ ਖੇਡ ਮੈਦਾਨਾਂ, ਖੇਡ ਸਮੱਗਰੀ, ਪੀਣ ਵਾਲੇ ਪਾਣੀ, ਰਿਫਰੈਸ਼ਮੈਂਟ ਹਰ ਲੋੜੀਂਦੀ ਚੀਜ਼ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਕਿਸੇ ਵੀ ਖਿਡਾਰੀ ਤੇ ਦਰਸ਼ਕ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਸਰਕਾਰੀ ਸਕੂਲ ਤੁਰਾਂ ਦੇ ਵਿਦਿਆਰਥੀ ਜਸ਼ਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਟਾਈਟਲ ਗੀਤ ਪੇਸ਼ ਕੀਤਾ ਗਿਆ ਅਤੇ ਅਸ਼ੋਕਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਭੰਗੜਾ ਪੇਸ਼ ਕੀਤਾ।
ਇਸ ਮੌਕੇ ਲੈਕਚਰਾਰ ਤੇ ਨੋਡਲ ਅਫ਼ਸਰ ਸਭਿਆਚਾਰਕ ਗਤੀਵਿਧੀਆਂ ਸ਼੍ਰੀਮਤੀ ਰੂਪ ਪ੍ਰੀਤ ਕੌਰ, ਸੁਖਦੀਪ ਸਿੰਘ ਫੁਟਬਾਲ ਕੋਚ, ਕੁਲਵਿੰਦਰ ਸਿੰਘ ਹੈਂਡਬਾਲ ਕੋਚ, ਲਖਵੀਰ ਸਿੰਘ ਅਥਲੈਟਿਕਸ ਕੋਚ, ਯਾਦਵਿੰਦਰ ਸਿੰਘ ਵਾਲੀਬਾਲ ਕੋਚ, ਮਨੋਜ ਕੁਮਾਰ ਜਿਮਨਾਸਟਿਕ ਕੋਚ, ਮਨਜੀਤ ਸਿੰਘ ਕੁਸ਼ਤੀ ਕੋਚ, ਮਨੀਸ਼ ਕੁਮਾਰ ਹਾਕੀ ਕੋਚ, ਮਨਵੀਰ ਕੌਰ ਐਥਲੈਟਿਕਸ ਕੋਚ, ਵੀਰਨ ਦੇਵੀ ਖੋ-ਖੋ ਕੋਚ, ਭੁਪਿੰਦਰ ਕੌਰ ਅਥਲੈਟਿਕਸ ਕੋਚ, ਸਿੱਖਿਆ ਵਿਭਾਗ ਦੇ ਡੀ.ਐਮ. ਸਪੋਰਟਸ ਜਸਬੀਰ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਪਤਵੰਤੇ ਹਾਜ਼ਰ ਸਨ।