ਖਰੜ : ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ 2 ਅਲੱਗ-ਅਲੱਗ ਮੁਕੱਦਮਿਆਂ ਵਿੱਚ 5 ਵਿਅਕਤੀ ਗ੍ਰਿਫਤਾਰ ਕਰਕੇ 110 ਗ੍ਰਾਮ ਹੈਰੋਇਨ ਅਤੇ 2 ਕਾਰਾਂ ਬ੍ਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਇਨਵੈਸਟੀਗੇਸ਼ਨ ਡਾ ਜੋਤੀ ਯਾਦਵ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਨੇ ਅੰਬੇਦਕਰ ਲੇਬਰ ਯੂਨੀਅਨ ਪੰਜਾਬ, ਖਰੜ ਵਿਖੇ ਨਾਕਾਬੰਦੀ ਦੌਰਾਨ ਇੱਕ ਕਾਰ ਦੀ ਚੈਕਿੰਗ ਦੌਰਾਨ ਕਾਰ ਵਿੱਚ ਸਵਾਰ 2 ਨੌਜਵਾਨਾਂ ਦੇ ਕਬਜੇ ਵਿਚੋਂ 30 ਗ੍ਰਾਮ ਸਮੈਕ ਬਰਾਮਦ ਕੀਤੀ। ਨੌਜਵਾਨਾਂ ਦੀ ਪਹਿਚਾਨ ਚੰਨਪ੍ਰੀਤ ਸਿੰਘ ਅਤੇ ਹਰਪਾਲ ਸਿੰਘ ਵਾਸੀ ਦੋਵੇਂ ਵਾਸੀ ਜਿਲਾ ਸਿਰਸਾ, ਹਰਿਆਣਾ ਹਾਲ ਵਾਸੀ ਗੋਲਡਨ ਅਸਟੇਟ ਨੇੜੇ ਜੇ. ਟੀ. ਪੀ. ਐਲ. ਸੋਸਾਇਟੀ ਲਾਂਡਰਾ ਰੋਡ ਖਰੜ ਵਜੋਂ ਹੋਈ ਹੈ। ਇਸ ਸੰਬੰਧੀ ਪੁਲੀਸ ਵਲੋਂ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੇ। ਮੁਲਜਮ ਪੁਲੀਸ ਰਿਮਾਂਡ ਅਧੀਨ ਹਨ।ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿੱਚ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਗੁਰੂ ਤੇਗ ਬਹਾਦਰ ਨਗਰ ਖਰੜ ਦੀ ਮੇਨ ਮਾਰਕੀਟ ਵਿਖੇ ਨਾਕਾਬੰਦੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਤੋਂ 80 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਹੰਟਰ ਉਰਫ ਕੁਲਵੰਤ ਵਾਸੀ ਪਿੰਡ ਰਾਉਂਕੇ ਕਲਾਂ, ਜਿਲਾ ਮੋਗਾ, (28 ਸਾਲ), ਹਰਮਨਦੀਪ ਸਿੰਘ ਉਰਫ ਹੰਮੂ ਵਾਸੀ ਪਿੰਡ ਰਾਜੇਵਾਣਾ ਜਿਲਾ ਮੋਗਾ, (33 ਸਾਲ) ਅਤੇ ਗੁਰਸੇਵਕ ਸਿੰਘ ਵਾਸੀ ਪਿੰਡ ਰੋਡਾ, ਜਿਲ੍ਹਾ ਮੋਗਾ (36 ਸਾਲ) ਵਜੋਂ ਹੋਈ ਹੈ। ਇਸ ਸੰਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 21/29-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।