ਰਾਜਪੁਰਾ : ਹਲਕਾ ਰਾਜਪੁਰਾ ਦੇ ਪਿੰਡ ਚੰਦੂਆ ਦੇ ਲੋਕ ਸੜਕ ਟੁੱਟਣ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹਨ। ਮੇਨ ਰੋਡ ਤੋਂ ਪਿੰਡ ੯ ਜਾਣ ਵਾਲੀ ਸੜਕ ਤੇ ਡੂੰਘੇ ਖੱਡੇ ਪੈ ਚੁੱਕੇ ਹਨ ਅਤੇ ਬਾਰਿਸ਼ ਦੌਰਾਨ ਇਹਨਾਂ ਵਿਚ ਪਾਣੀ ਭਰਨ ਕਰਕੇ ਕਈ ਪਿੰਡ ਵਾਸੀ ਇਥੋਂ ਆਪਣੇ ਹੱਡ ਗੋਡੇ ਵੀ ਤੁੜਵਾ ਚੁੱਕੇ ਹਨ।
ਇਸ ਬਾਰੇ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਕੋਲ ਪਹੁੰਚ ਕੀਤੀ ਗਈ ਤਾਂ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਬਲਾਕ ਸਕੱਤਰ ਜਸਵੀਰ ਸਿੰਘ ਅਤੇ ਪਿੰਡ ਵਾਸੀਆ ਵੱਲੋਂ ਐਸਡੀਐਮ ਰਾਜਪੁਰਾ ਨੰੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਪਿੰਡ ਵਿੱਚ ਲੱਗੇ ਹੋਏ ਬਿਜਲੀ ਦੇ ਗਰਿੱਡ ਵਿੱਚ ਆਉਣ ਵਾਲੀਆਂ ਗੱਡੀਆਂ ਵੱਲੋਂ ਇਸ ਸੜਕ ਦਾ ਬਹੁਤ ਨੁਕਸਾਨ ਕੀਤਾ ਗਿਆ ਹੈ ਅਤੇ ਪਿੰਡ ਵਾਲੇ ਕਈ ਵਾਰ ਗਰਿੱਡ ਦੇ ਅਧਿਕਾਰੀਆਂ ਨੂੰ ਇਸ ਸੜਕ ਨੂੰ ਬਣਾਉਣ ਲਈ ਕਹਿ ਚੁੱਕੇ ਹਨ ਪਰੰਤੂ ਉਹਨਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਸੰਬੰਧੀ ਐਸ ਡੀ ਐਮ ਰਾਜਪੁਰਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਗਰਿੱਡ ਵਾਲਿਆਂ ਨਾਲ ਗੱਲ ਕਰਕੇ ਇਸ ਸੜਕ ਨੂੰ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਇਹ ਸੜਕ ਠੀਕ ਨਹੀਂ ਕਰਵਾਈ ਗਈ ਤਾਂ ਕਿਸਾਨ ਜਥੇਬੰਦੀ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਗਰਿੱਡ ਦਾ ਗੇਟ ਬੰਦ ਕੀਤਾ ਜਾਵੇਗਾ ਅਤੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਏਕਤਾ ਸਿੱਧੂਪੁਰ ਦੇ ਆਗੂ ਅਤੇ ਪਿੰਡ ਵਾਸੀ ਮੌਜੂਦ ਰਹੇ।