ਐਸ ਏ ਐਸ ਨਗਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪਾਰਟੀ ਦੇ ਇੱਕ ਵਫਦ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਬੀਬੀ ਆਸ਼ਿਕਾ ਜੈਨ ਨ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਮਰਿੰਡਾ ਖਰੜ ਅਤੇ ਚਮਕੌਰ ਸਾਹਿਬ ਹਲਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਫਾਰਮ ਵੱਡੀ ਗਿਣਤੀ ਵਿੱਚ ਭਰ ਕੇ ਦਿੱਤੇ ਗਏ ਹਨ, ਜਿਸ ਸਬੰਧੀ ਵੋਟ ਬਣਾਉਣ ਦੀ ਕਾਰਵਾਈ ਹੁਣ ਤੱਕ ਸਾਹਮਣੇ ਨਹੀਂ ਆ ਰਹੀ, ਜਦੋਂ ਕਿ ਵੋਟ ਫਾਰਮ ਭਰਨ ਦੀ ਆਖਰੀ ਮਿਤੀ 16 ਸਤੰਬਰ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੋਟ ਬਣਵਾਊਣ ਵਾਲੇ ਵੋਟਰਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਵੋਟ ਬਣ ਚੁੱਕੀ ਹੈ ਜਾਂ ਨਹੀਂ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਭਰੇ ਗਏ ਫਾਰਮਾਂ ਨੂੰ ਸਮੇਂ ਸਿਰ ਵੋਟ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਤਾਂ ਜੋ ਵੋਟਰਾਂ ਨੂੰ ਵੋਟ ਬਣਨ ਬਾਰੇ ਪਤਾ ਲੱਗ ਸਕੇ ਅਤੇ ਕੋਈ ਵੋਟਰ ਆਪਣੀ ਵੋਟ ਬਣਨ ਤੋਂ ਵਾਂਝਾ ਨਾ ਰਹੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਲਕਾ ਖਰੜ ਦੇ ਇੰਚਾਰਜ ਲਖਵੀਰ ਸਿੰਘ ਕੋਟਲਾ, ਜਗਦੀਪ ਸਿੰਘ ਕੰਸਲਾ, ਜਥੇਦਾਰ ਬਲਵੀਰ ਸਿੰਘ ਸੋਹਣਾ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਤਲਵਿੰਦਰ ਸਿੰਘ, ਤਰਨਜੀਤ ਸਿੰਘ, ਅਮਨਦੀਪ ਸਿੰਘ ਮਣਕੂ, ਲਵਰਿੰਦਰ ਸਿੰਘ ਸਿਲ, ਸੇਵਾ ਸਿੰਘ ਗੀਗੇਮਾਜਰਾ, ਨਾਇਬ ਸਿੰਘ ਗੀਗੇਮਾਜਰਾ ਆਦਿ ਆਗੂ ਹਾਜ਼ਰ ਸਨ।