ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋ ਅੱਜ ਦੂਜੇ ਦਿਨ ਵੀ ਸੂਬੇ ਦੀ ਜਨਤਾ ਤੇ ਪਾਏ ਗਏ ਵਾਧੂ ਵਿੱਤੀ ਬੋਝ ਨੂੰ ਲੈਕੇ ਪੰਜਾਬ ਦੇ ਰਾਜਪਾਲ ਨਾਮ ਹੇਠ ਮੰਗ ਪੱਤਰ ਸੌਂਪੇ ਗਏ।
ਹੁਸ਼ਿਆਰਪੁਰ ਵਿੱਚ ਸੁਧਾਰ ਲਹਿਰ ਦੇ ਪ੍ਰਜੀਡੀਅਮ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਮ ਹੇਠ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਅੱਜ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਚੁੱਕੀ ਹੈ। ਓਹਨਾ ਕਿਹਾ ਕਿ ਅੱਜ ਪੰਜਾਬ ਦੇ ਹਰ ਵਰਗ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਦੁਖੀ ਹੋਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੈ। ਇਸ ਦੇ ਨਾਲ ਹੀ ਓਹਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੀ ਵਿੱਤੀ ਹਾਲਤ ਡਾਵਾਂਡੋਲ ਹੋ ਚੁੱਕੀ ਹੈ , ਪੰਜਾਬ ਸਰਕਾਰ ਆਪਣੇ ਬੇਲੋੜੇ ਖਰਚ ਘਟਾਉਣ ਦੀ ਬਜਾਏ ਸੂਬੇ ਦੀ ਜਨਤਾ ਸਿਰ ਵਾਧੂ ਬੋਝ ਪਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਧਰ ਸੀਨੀਅਰ ਆਗੂ ਕਰਨੈਲ ਸਿੰਘ ਪੰਜੋਲੀ ਅਤੇ ਅਮਰਿੰਦਰ ਸਿੰਘ ਸੌਨੂੰ ਲਿਬੜਾ ਦੀ ਅਗਵਾਈ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨੀਂ ਡੀਜਲ ਅਤੇ ਪੈਟਰੋਲ ਤੇ ਵੈਟ ਵਧਾ ਕੇ ਲੋਕ ਵਿਰੋਧੀ ਹੋਣ ਦਾ ਤਾਜਾ ਸਬੂਤ ਪੇਸ਼ ਕੀਤਾ ਹੈ ਇਸ ਦੇ ਨਾਲ ਗਰੀਬ ਦੀ ਸਵਾਰੀ ਬਣੀ ਯਾਤਰੂ ਬੱਸ ਕਿਰਾਏ ਵਿੱਚ ਕੀਤੇ ਵਾਧੇ ਨੇ ਸਰਕਾਰ ਦੀਆਂ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਤੋਂ ਭਗੌੜਾ ਹੋਣ ਪੇਸ਼ ਕਰਦਾ ਹੈ।
ਸੁਧਾਰ ਲਹਿਰ ਦੇ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਪਿਛਲੇ ਦਿਨੀਂ ਲਏ ਗਏ ਲੋਕ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਦਿਆਂ ਪੁਰਜੋਰ ਮੰਗ ਕੀਤੀ ਕਿ ਇਹ ਵਾਧੇ ਤੁਰੰਤ ਪ੍ਰਭਾਵ ਨਾਲ ਵਾਪਿਸ ਲਏ ਜਾਣ ਅਤੇ ਸਰਕਾਰ ਬੇਲੋੜੀ ਇਸ਼ਤਿਹਾਰਬਾਜ਼ੀ ਤੇ ਸੰਕੋਚ ਕਰਕੇ ਵਿੱਤੀ ਸਥਿਤੀ ਨੂੰ ਸੁਧਾਰਨ ਵੱਲ ਕਦਮ ਚੁੱਕੇ।
ਸੁਧਾਰ ਲਹਿਰ ਵੱਲੋਂ ਇਹ ਵੀ ਜ਼ੋਰ ਨਾਲ ਮੰਗ ਉਠਾਈ ਕਿ ਡਿਬਰੂਗੜ ਭੇਜੇ ਸਾਰੇ ਨੌਜੁਆਨਾ ਉੱਪਰ ਐਨਐਸਏ ਵਾਪਸ ਲਈ ਜਾਵੇ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।