ਐਸ ਏ ਐਸ ਨਗਰ : ਸੀ. ਆਈ. ਏ. ਸਟਾਫ ਮੁਹਾਲੀ ਵਲੋਂ 1 ਪਿਸਤੌਲ ਅਤੇ 2 ਜਿੰਦਾ ਕਾਰਤੂਸਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਸੀ. ਆਈ. ਏ. ਸਟਾਫ ਮੁਹਾਲੀ (ਕੈਂਪ ਐਂਟ ਖਰੜ) ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰਿਕ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਛੱਤ ਲਾਈਟਾਂ ਨੇੜੇ ਇੱਕ ਮਹਿੰਦਰਾ ਐਕਸ ਯੂ ਵੀ ਗੱਡੀ ਤੇ ਸਵਾਰ ਏਵਨਪ੍ਰੀਤ ਸਿੰਘ ਵਾਸੀ ਮਹਿਲ ਕਲਾਂ, ਜ਼ਿਲ੍ਹਾ ਬਰਨਾਲ਼ਾ ਅਤੇ ਸੰਦੀਪ ਸਿੰਘ ਉਰਫ ਮਿੰਟੂ ਵਾਸੀ ਪਿੰਡ ਸਹੋਰ, ਜ਼ਿਲ੍ਹਾ ਬਰਨਾਲ਼ਾ ਦੀ ਚੈਕਿੰਗ ਦੌਰਾਨ ਼32 ਬੋਰ ਦੇ 1ਪਿਸਟਲ ਅਤੇ 2 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਦੋਵੇਂ ਛੱਤ ਲਾਈਟਾਂ ਨੇੜੇ ਆਪਣੇ ਕਿਸੇ ਦੋਸਤ ਦੀ ਉਡੀਕ ਕਰ ਰਹੇ ਹਨ। ਪੁਲੀਸ ਵਲੋਂ ਇਹਨਾਂ ਦੋਵਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਲੈ ਕੇ ਆਏ ਸਨ।