ਐਸ.ਏ.ਐਸ. ਨਗਰ : ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਚੱਪੜਚਿੜੀ ਦੇ ਖੇਤਰ ਨੂੰ ਨਗਰ ਨਿਗਮ ਅਧੀਨ ਲਿਆ ਕੇ ਇਸ ਖੇਤਰ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ, ਜਿਸ ਨਾਲ ਇਹ ਇਤਿਹਾਸਕ ਥਾਂ ਵਿਸ਼ਵ ਪੱਧਰ ਉਤੇ ਉੱਭਰ ਕੇ ਸਾਹਮਣੇ ਆਵੇਗੀ ਤੇ ਨੌਜਵਾਨ ਪੀੜ੍ਹੀ ਇਸ ਥਾਂ ਨੂੰ ਵੇਖ ਕੇ ਆਪਣੀ ਅਮੀਰ ਵਿਰਾਸਤ ਨਾਲ ਜੁੜੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਚੱਪੜਚਿੜੀ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕੀਦਤ ਭੇਟ ਕਰਨ ਮੌਕੇ ਕੀਤਾ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ ਤੇ ਸਨਮਾਨ ਦੇਣ ਦੀ ਰਸਮ ਫ਼ਾਊਂਡੇਸ਼ਨ ਦੇ ਪ੍ਰਧਾਨ ਤੇ ਚੇਅਰਮੈਨ ਪੰਜਾਬ ਸਟੇਟ ਇੰਨ ਡਿਵੈਲਪਮੈਂਟ ਕਾਰਪੋਰੇਸ਼ਨ, ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਭਾਈ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਦੇ ਪ੍ਰਧਾਨ ਤੇ ਚੇਅਰਮੈਨ ਪੰਜਾਬ ਸਟੇਟ ਇੰਨ ਡਿਵੈਲਪਮੈਂਟ ਕਾਰਪੋਰੇਸ਼ਨ, ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਰਹਿੰਦ ਫ਼ਤਹਿ ਦਿਵਸ ਦਾ ਇਤਿਹਾਸਕ ਦਿਹਾੜਾ ਮਾਣਮੱਤਾ ਦਿਹਾੜਾ ਹੈ। ਉਨ੍ਹਾਂ ਮੰਗ ਕੀਤੀ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ, ਜਿਸ ਰਸਤੇ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਤੱਕ ਪੁੱਜੇ, ਉਸ ਰਸਤੇ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ ਅਤੇ ਕੌਮਾਂਤਰੀ ਏਅਰਪੋਰਟ, ਐਸ.ਏ.ਐਸ. ਨਗਰ-ਚੰਡੀਗੜ੍ਹ ਦਾ ਨਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉੱਤੇ ਰੱਖਿਆ ਜਾਵੇ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿਆਰਾ ਸਿੰਘ ਸਰਪੰਚ ਚੱਪੜਚਿੜੀ ਕਲਾਂ, ਰਾਜਵੀਰ ਕੌਰ ਸਰਪੰਚ ਚੱਪੜਚਿੜੀ ਖੁਰਦ, ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ ਖੁਰਦ, ਗੁਰਦੇਵ ਸਿੰਘ, ਜ਼ੋਰਾ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਕੈਲੋਂ, ਗੁਰਦੇਵ ਸਿੰਘ, ਅਮਰਜੀਤ ਸਿੰਘ ਪਹਿਲਵਾਨ ਲਖਨੌਰ, ਹਰਿੰਦਰ ਸਿੰਘ ਹੰਸ, ਮਨੋਜ ਲਾਕੜਾ, ਕੁਲਵਿੰਦਰ ਸਿੰਘ ਚਾਨੇ, ਅਮਨਦੀਪ ਬਾਵਾ ਤੇ ਲਲਿਤ ਸ਼ਰਮਾ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕੀਦਤ ਭੇਟ ਕੀਤੀ।