ਨਵੀਂ ਦਿੱਲੀ : ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿੱਚ ਪਹੁੰਚ ਗਿਆ ਹੈ। ਸੋਮਵਾਰ ਨੂੰ ਦੂਜੇ ਸੈਮੀਫ਼ਾਈਨਲ ਮੈਚ ਵਿੱਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਹ ਮੈਚ ਚੀਨ ਦੇ ਹੁਲੁਨਬਿਊਰ ਸਥਿਤ ਮੋਕੀ ਹਾਕੀ ਟ੍ਰੇਨਿੰਗ ਬੇਸ ’ਤੇ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਨੇ ਸੱਭ ਤੋਂ ਵੱਧ 2 ਗੋਲ ਦਾਗ਼ੇ। ਉਤਮ ਸਿੰਘ ਅਤੇ ਜਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤਾ। ਦੱਖਣੀ ਕੋਰੀਆ ਲਈ ਯੰਗ ਜੀ ਹੁਨ ਨੇ ਗੋਲ ਕੀਤਾ। ਮੈਦਾਨੀ ਗੋਲ ਲਈ ਜਰਮਨਪ੍ਰੀਤ ਸਿੰਘ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਭਾਰਤ ਮੰਗਲਵਾਰ ਨੂੰ ਫ਼ਾਈਨਲ ਵਿੱਚ ਮੇਜ਼ਬਾਨ ਟੀਮ ਚੀਨ ਦਾ ਭਿੜੇਗਾ। ਇਹ ਮੇਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਚੀਨ ਨੇ ਪਹਿਲੇ ਸੈਮੀਫ਼ਾਈਨਲ ਦੇ ਪੈਨਲਟੀ ਸ਼ੂਟ ਆਊਟ ਵਿੱਚ ਪਾਕਿਸਤਾਨ ਨੂੰ 2-0 ਨਾਲ ਹਰਾਇਆ। ਮੈਚ ਦੇ ਪਹਿਲੇ ਹੀ ਮਿੰਟ ਵਿੱਚ ਕੋਰੀਆ ਉੱਤੇ ਦਬਾਅ ਬਣਾ ਲਿਆ ਸੀ। ਭਾਰਤ ਨੇ ਕੋਰੀਆ ਦੇ ਡੀ ’ਤੇ ਇਕ ਤੋਂ ਬਾਅਦ ਇਕ ਕਈ ਮੌਕੇ ਬਣਾਏ। ਕੁਆਰਟਰ ਦੇ 13ਵੇਂ ਮਿੰਟ ਵਿੱਚ ਉਤਮ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਈ। ਉਸ ਨੇ ਆਰ.ਈ.ਜੀਤ ਸਿੰਘ ਹੁੰਦਲ ਦੀ ਸਹਾਇਤਾ ’ਤੇ ਮੈਦਾਨੀ ਗੋਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਚੌਥੇ ਅਤੇ ਪੰਜਵੇਂ ਮਿੰਟ ਵਿੱਚ ਗੋਲ ਕਰਨ ਦੇ ਦੋ ਮੌਕੇ ਗੁਆਏ। ਇਥੇ ਅਭਿਸ਼ੇਕ ਨੇ ਪਹਿਲਾ ਰਿਵਰਸ ਸਟਿੱਕ ਨਾਲ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਰੀਆਈ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਇਸ ਤੋਂ ਬਾਅਦ ਉਤਮ ਸਿੰਘ ਨੇ ਗੇਂਦ ਨੂੰ ਡੀ ਦੇ ਅੰਦਰ ਡਿਫ਼ਲੈਕਟ ਕਰਕੇ ਰਾਹਿਲ ਨੂੰ ਦੇ ਦਿੱਤੀ ਜਿਸ ਨੂੰ ਰਹਿਲ ਗੋਲ ਵਿੱਚ ਬਦਲਣ ਵਿੱਚ ਅਸਫ਼ਲ ਰਿਹਾ। ਕੋਰੀਆ ਨੂੰ ਇਸ ਕੁਆਰਟਰ ਵਿੱਚ 2 ਪੈਨਲਟੀ ਕਾਰਨਰ ਵੀ ਮਿਲੇ, ਜਿਨ੍ਹਾਂ ਦਾ ਟੀਮ ਫ਼ਾਇਦਾ ਨਾ ਚੁੱਕ ਸਕੀ।
ਮੈਚ ਦੇ 19ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਦਾ ਪਹਿਲਾ ਪੈਨਲਟੀ ਕਾਰਨਰ ’ਤੇ ਕੀਤਾ। ਅਭਿਸ਼ੇਕ ਦੇ ਇੰਜੈਕਸ਼ਨ ਵਿੱਚ ਹਰਮਨਪ੍ਰੀਤ ਸਿੰਘ ਨੇ ਸਿੱਧਾ ਸ਼ਾਟ ਲਗਾਇਆ ਅਤੇ ਗੇਂਦ ਕੋਰੀਆਈ ਡਿਫ਼ੈਂਡਰ ਤੋਂ ਡਿਫ਼ਲੈਕਟ ਹੋ ਕੇ ਗੋਲ ਵਿੱਚ ਚਲੀ ਗਈ। ਇਸ ਤੋਂ ਬਾਅਦ 27ਵੇਂ ਮਿੰਟ ਵਿੱਚ ਭਾਰਤੀ ਡਿਫ਼ੈਂਡਰ ਜਰਮਨਪ੍ਰੀਤ ਸਿੰਘ ਨੇ ਸੁਖਜੀਤ ਸਿੰਘ ਨੂੰ ਏਰੀਅਲ ਪਾਸ ਦਿੱਤਾ, ਜਿਸ ਤੇ ਸੁਖਜੀਤ ਸਿੰਘ ਗੋਲ ਨਹੀਂ ਕਰ ਸਕਿਆ। ਇਸ ਕੁਆਰਟਰ ਤੋਂ ਬਾਅਦ ਭਾਰਤ 2-0 ਨਾਲ ਅੱਗੇ ਸੀ।