ਮੁਹਾਲੀ : "ਲੋਕਾਂ ਨੂੰ ਸੁੱਖ ਸੁਵਿਧਾਵਾਂ, ਵਧੀਆ ਸਕੂਲ ਅਤੇ ਹਸਪਤਾਲ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਲਟਾ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੁਵਿਧਾਵਾਂ ਲਗਾਤਾਰ ਖੋਹਣ ਦਾ ਯਤਨ ਕਰ ਰਹੀ ਹੈ। ਪਹਿਲਾਂ ਜਿੱਥੇ ਫੇਜ਼ 3 ਬੀ1 ਦੀ ਡਿਸਪੈਂਸਰੀ ਨੂੰ ਇਥੋਂ ਸ਼ਿਫਟ ਕਰਕੇ ਇਹ ਜਗ੍ਹਾ ਲੀਵਰ ਅਤੇ ਬਾਇਲਰੀ ਇੰਸਟੀਟਿਊਟ ਨੂੰ ਦੇ ਦਿੱਤੀ ਗਈ ਸੀ ਉਥੇ ਅੱਜ ਇਸ ਦੇ ਨਾਲ ਪਏ ਇੱਕ ਖਾਲੀ ਸ਼ੈਡ ਵਿੱਚ ਚਲਦੇ ਟੀਕਾਕਰਨ ਕੇਂਦਰ ਨੂੰ ਵੀ ਸਰਕਾਰ ਵੱਲੋਂ ਖਾਲੀ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ। ਇਥੇ ਮਹੀਨੇ ਵਿੱਚ ਲਗਭਗ 400 ਤੋਂ 500 ਬੱਚਿਆਂ ਦੇ ਟੀਕਾ ਕਰਨ ਹੁੰਦੇ ਸਨ ਜਦੋਂ ਕਿ ਮਲੇਰੀਆ ਤੇ ਡੇਂਗੂ ਦੀਆਂ ਟੀਮਾਂ ਵੀ ਇੱਥੋਂ ਹੀ ਸੰਚਾਲਤ ਹੁੰਦੀਆਂ ਸਨ। ਜ਼ਿਲ੍ਹਾ ਸਿਹਤ ਵਿਭਾਗ ਇਸ ਜੁਬਾਨੀ ਕਲਾਮੀ ਫੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਇਹ ਟੀਕਾਕਰਨ ਕੇਂਦਰ ਇੱਥੇ ਹੀ ਰਹਿਣ ਦਿੱਤਾ ਜਾਵੇ।" ਇਹ ਗੱਲ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ ਨੇ ਇੱਕ ਬਿਆਨ ਵਿੱਚ ਆਖੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਇਸ ਸਰਕਾਰ ਦੇ ਫੈਸਲੇ ਤੋਂ ਬੇਹਦ ਹੈਰਾਨ ਹਨ ਕਿ ਕਿਵੇਂ ਜੁਬਾਨੀ ਤੌਰ ਤੇ ਹੁਕਮ ਕਰਕੇ ਟੈਂਪਰੇਰੀ ਸ਼ੈਡ ਵਿੱਚੋਂ ਸਾਰਾ ਸਮਾਨ ਚੁਕਵਾ ਦਿੱਤਾ ਗਿਆ ਹੈ ਅਤੇ ਹਾਲੇ ਤੱਕ ਕਰਮਚਾਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਸਮਾਨ ਲੈ ਕੇ ਕਿੱਥੇ ਜਾਣਾ ਹੈ। ਉਹਨਾਂ ਕਿਹਾ ਕਿ ਫੇਜ਼ 3ਬੀ1, 3ਬੀ2 ਅਤੇ 3ਏ ਦੇ ਲੋਕ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਇੱਥੇ ਆਉਂਦੇ ਸਨ ਕਿਉਂਕਿ ਇਹ ਉਹਨਾਂ ਨੂੰ ਨਜ਼ਦੀਕ ਪੈਣ ਵਾਲਾ ਟੀਕਾਕਰਨ ਕੇਂਦਰ ਹੈ ਅਤੇ ਹੁਣ ਇਹ ਸਹੂਲਤ ਉਹਨਾਂ ਤੋਂ ਖੋਹਣ ਦੀ ਤਿਆਰੀ ਕੀਤੀ ਗਈ ਹੈ ਜੋ ਕਿ ਬੇਹਦ ਮੰਦਭਾਗੀ ਗੱਲ ਹੈ। ਇਸ ਦੇ ਨਾਲ ਨਾਲ ਇੱਥੇ ਡੇਂਗੂ ਦੀ ਜਾਂਚ ਕਰਨ ਲਈ ਨੌ ਟੀਮਾਂ ਸੰਚਾਲਤ ਹੁੰਦੀਆਂ ਸਨ ਜੋ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਜਾਂਦੀਆਂ ਸਨ।
ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਨੂੰ ਇਸ ਦੇ ਨਾਲ ਵਾਲੀ ਬਿਲਡਿੰਗ ਵਿੱਚ ਲਿਆ ਕੇ ਇੱਥੇ ਚੱਲਦੀ ਡਿਸਪੈਂਸਰੀ ਨੂੰ ਸੰਤੇ ਮਾਜਰਾ ਭੇਜਣ ਦੇ ਖਿਲਾਫ ਅਤੇ ਇਸ ਨੂੰ ਵਾਪਸ ਫੇਜ਼ 3 ਬੀ 1 ਵਿੱਚ ਲਿਆਉਣ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕਰਟ ਵਿੱਚ ਕੇਸ ਪਾਇਆ ਹੋਇਆ ਇਹ ਜਿਸ ਦੀ ਸੁਣਵਾਈ ਵੀ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜੁਬਾਨੀ ਕਲਾਮੀ ਹਦਾਇਤਾਂ ਦੇ ਕੇ ਇਸ ਕੇਂਦਰ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਅਤੇ ਉਹ ਆਪਣੇ ਵਕੀਲ ਨਾਲ ਸਲਾਹ ਕਰਕੇ ਇਸ ਦੇ ਖਿਲਾਫ ਵੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਨਗੇ।