ਹੁਲੁਨਬੂਰ : ਭਾਰਤ ਨੇ ਬੀਤੇ ਦਿਨ ਹੋਏ ਫ਼ਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਪੰਜਵੀਂ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤ ਲਈ ਹੈ। ਇਹ ਮੈਚ ਚੀਨ ਦੇ ਹੁਲੁਨਬੂਰ ਸ਼ਹਿਰ ਦੇ ਮੋਕੀ ਹਾਕੀ ਟ੍ਰੇਨਿੰਗ ਬੇਸ ’ਤੇ ਖੇਡਿਆ ਗਿਆ। ਮੈਚ ਦਾ ਇਕੋ ਇਕ ਗੋਲ ਜੁਗਰਾਜ ਸਿੰਘ ਨੇ 51ਵੇਂ ਮਿੰਟ ਵਿੱਚ ਕੀਤਾ। ਚੀਨ ਦੀ ਟੀਮ ਚਾਰ ਕੁਆਰਟਰਾਂ ਤੋਂ ਬਾਅਦ ਵੀ ਗੋਲ ਨਹੀਂ ਦਾਗ਼ ਸਕੀ। ਭਾਰਤ ਨੂੰ 4 ਜਦਕਿ ਚੀਨ ਨੂੰ 5 ਪੈਨਲਟੀ ਕਾਰਨਰ ਮਿਲੇ ਪਰ ਦੋਵੇਂ ਟੀਮਾਂ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀਆਂ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾਇਆ ਸੀ।
ਭਾਰਤ ਅਤੇ ਚੀਨ ਵਿਚਾਲੇ ਏਸ਼ੀਆਈ ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ ’ਚ ਪਹਿਲੇ ਕੁਆਰਟਰ ਦਾ ਖੇਡ ਬਰਾਬਰ ਰਿਹਾ। ਪਹਿਲੇ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਕਈ ਮੌਕੇ ਬਣਾਏ ਪਰ ਚੀਨ ਦੇ ਡਿਫ਼ੈਂਡਰਾਂ ਅਤੇ ਗੋਲਕੀਪਰਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਹੋਣ ਦਿੱਤਾ। ਅਭਿਸ਼ੇਕ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ’ਤੇ ਸਿੱਧਾ ਸ਼ਾਟ ਮਾਰਿਆ। ਇਥੇ ਚੀਨੀ ਗੋਲਕੀਪਰ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਨਹੀਂ ਹੋਣ ਦਿੱਤਾ।
ਦੂਜੇ ਅਤੇ ਤੀਜੇ ਕੁਆਰਟਰ ਵਿੱਚ ਭਾਰਤ ਅਤੇ ਚੀਨ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਦੂਜੇ ਕੁਆਰਟਰ ਵਿੱਚ ਚੀਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ ਸਖ਼ਤ ਮੁਕਾਬਲਾ ਦਿੱਤਾ ਅਤੇ ਭਾਰਤੀ ਟੀਮ ਨੂੰ ਦੂਜੇ ਕੁਆਰਟਰ ਵਿੱਚ ਗੋਲ ਕਰਨ ਦੇ ਮੌਕੇ ਨਸੀਬ ਨਹੀਂ ਹੋ ਸਕੇ। ਇਸ ਤੋਂ ਬਾਅਦ ਤੀਜਾ ਕੁਆਰਟਰ ਵੀ ਗੋਲ ਤੋਂ ਬਿਨਾ ਹੀ ਚਲਿਆ ਗਿਆ। ਇਸ ਕੁਆਰਟਰ ਵਿੱਚ ਚੀਨੀ ਟੀਮ ਨੇ ਹਮਲਾਵਰ ਤਰੀਕੇ ਨਾਲ ਖੇਡਦੇ ਹੋਏ ਕੁਝ ਮੌਕੇ ਬਣਾਏ ਪਰ ਭਾਰਤੀ ਟੀਮ ਦੇ ਡਿਫ਼ੈਂਡਰਾਂ ਨੇ ਚੀਨ ਦੀ ਟੀਮ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫ਼ੇਰ ਦਿੱਤਾ।
ਸਭ ਤੋਂ ਜ਼ਿਆਦਾ ਦਿਲਚਸਪ ਮੁਕਾਬਲਾ ਚੌਥੇ ਕੁਆਰਟਰ ਵਿੱਚ ਦੇਖਣ ਨੂੰ ਮਿਲਿਆ। ਚੌਥੇ ਕੁਆਰਟਰ ਵਿੱਚ ਭਾਰਤੀ ਟੀਮ ਦੇ ਖਿਡਾਰੀ ਜੁਗਰਾਜ ਸਿੰਘ ਨੇ ਗੋਲ ਕਰਕੇ ਮੋਕਾ ਹੱਥੋਂ ਜਾਣ ਨਹੀਂ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਅਭਿਸ਼ੇਕ ਨੂੰ ਪਾਸ ਦਿੱਤਾ ਜਿਸ ਤੋਂ ਬਾਅਦ ਜੁਗਰਾਜ ਸਿੰਘ ਨੇ ਉਲਟਾ ਕੇ ਗੋਲ ਕੀਤਾ।