ਐਸ ਏ ਐਸ ਨਗਰ : ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਮਾਮਲਾ ਵਿਵਾਦ ਵਿੱਚ ਪੈ ਗਿਆ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਕਾਰਜਕਰਨੀ ਮੈਂਬਰਾਂ ਦੀ ਪਿਛਲੇ ਸਾਲ ਹੋਈ ਚੋਣ ਦੌਰਾਨ ਚੁਣੇ ਗਏ 9 ਵਿੱਚੋਂ 8 ਮੈਂਬਰਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਮੁਕੇਸ਼ ਬੰਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਐਸੋਸੀਏਸ਼ਨ ਦੇ ਪਹਿਲਾਂ ਚੱਲੇ ਆ ਰਹੇ ਪ੍ਰਧਾਨ ਸ੍ਰ਼ ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਮਰਥਨ ਉਹਨਾਂ ਦੇ ਨਾਲ ਹੈ। ਐਸੋਸੀਏਸ਼ਨ ਦੇ ਦਫਤਰ ਵਿੱਚ ਅੱਜ ਹੋਈ ਕਾਰਜਕਾਰੀ ਮੈਂਬਰਾਂ ਦੀ ਇੱਕ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕਾਰਜਕਾਰੀ ਮੈਬਰਾਂ ਨੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਦੇ ਖਿਲਾਫ ਬੇਵਿਸ਼ਵਾਸ਼ ਦਾ ਮਤਾ ਪੇਸ਼ ਕੀਤਾ ਜਿਸਨੂੰ ਮੈਂਬਰਾਂ ਵਲੋਂ ਮੰਜੂਰੀ ਦੇ ਦਿੱਤੀ ਗਈ ਅਤੇ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ। ਇਸ ਉਪਰੰਤ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵਲੋਂ ਮੁਕੇਸ਼ ਬਾਂਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਪ੍ਰਧਾਨ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਵੱਖਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਕਾਰਜਕਾਰੀ ਮੈਂਬਰਾਂ ਵਲੋਂ ਨਵੇਂ ਸਿਰੇ ਤੋਂ ਚੋਣ ਕਰਵਾਏ ਜਾਣ ਦਾ ਪਤਾ ਪੇਸ਼ ਕੀਤਾ ਗਿਆ ਸੀ ਪਰੰਤੂ ਸ੍ਰ਼ ਬਲਜੀਤ ਸਿੰਘ ਬਲੈਕਸਟੋਨ ਵਲੋਂ ਮੀਟਿੰਗ ਵਿੱਚ ਆਪਣੇ ਪੱਧਰ ਤੇ ਕਾਰਜਕਾਰਨੀ ਕਮੇਟੀ ਨੂੰ ਇੱਕ ਸਾਲ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਕਰਦਿਆਂ ਹਾਊਸ ਵਲੋਂ ਸਹਿਮਤੀ ਦੇਣ ਦਾ ਦਾਅਵਾ ਕਰਦਿਆਂ ਮੀਟਿੰਗ ਖਤਮ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਵੀ ਇਸਦਾ ਵਿਰੋਧ ਕਰਦਿਆਂ ਸੰਵਿਧਾਨ ਅਨੁਸਾਰ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਣ ਤਕ ਸ੍ਰੀ ਮੁਕੇਸ਼ ਬੰਸਲ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਰਾਜੀਵ ਗੁਪਤਾ ਅਤੇ ਵਿਵੇਕ ਕਪੂਰ, ਉਪ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਦਿਲਪ੍ਰੀਤ ਸਿੰਘ, ਵਿੱਤ ਸਕੱਤਰ ਆਈ ਐਸ ਛਾਬੜਾ, ਜੁਆਇੰਟ ਸਕੱਤਰ ਕਮਲ ਕੁਮਾਰ ਧੁੱਪੜ ਅਤੇ ਜਸਵਿੰਦਰ ਸਿੰਘ ਰੰਧਾਵਾ ਹਾਜਰ ਸਨ। ਇਸ ਦੌਰਾਨ ਸ੍ਰੀ ਮੁਕੇਸ਼ ਬੰਸਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅਗਰਵਾਲ ਸਮਾਜ ਦੇ ਆਗੂਆਂ ਸ੍ਰੀ ਮੁਨੀਸ਼ ਬੰਸਲ, ਅਸ਼ੋਕ ਬੰਸਲ, ਦੀਪਕ ਬੰਸਲ, ਸ਼ਨਨ ਗੋਇਲ, ਸੰਜੈ ਬੰਸਲ ਅਤੇ ਨਰੇਸ਼ ਗਰਗ ਨੇ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਦੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਇੱਕ ਸੁਲਝੇ ਹੋਏ ਆਗੂ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਸੰਸਥਾ ਹੋਰ ਤਰੱਕੀ ਕਰੇਗੀ।