ਚੰਡੀਗੜ੍ਹ : ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਸਰਕਾਰ ਵਲੋਂ ਬਣਾਈ ਗਈ ਨਵੀਂ ਜਾਂਚ ਟੀਮ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਪਹਿਲੀ ਜਾਂਚ ਟੀਮ ਦੀ ਰੀਪੋਰਟ ਰੱਦ ਕਰ ਕੇ ਨਵੀਂ ਟੀਮ ਬਣਾਉਣ ਦੇ ਹੁਕਮ ਦਿਤੇ ਸਨ। ਸੂਤਰਾਂ ਮੁਤਾਬਕ ਟੀਮ ਦੇ ਅਧਿਕਾਰੀਆਂ ਨੇ ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਚ ਜਾ ਕੇ ਜਾਂਚ ਦਾ ਕੰਮ ਸ਼ੁਰੂ ਕਰ ਦਿਤਾ। ਟੀਮ ਨੇ ਉਥੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕੋਟਕਪੂਰਾ ਪਹੁੰਚੀ ਟੀਮ ਵਿਚ ਐਸ.ਆਈ.ਟੀ. ਦੇ ਮੁਖੀ ਐਲ ਕੇ ਯਾਦਵ ਤੋਂ ਇਲਾਵਾ ਦੂਜੇ ਮੈਂਬਰ ਵੀ ਸਨ। ਇਸ ਕਾਂਡ ਕਾਰਨ ਸਿੱਖਾਂ ਦੇ ਮਨਾਂ ਅੰਦਰ ਡਾਢਾ ਗੁੱਸਾ ਹੈ ਅਤੇ ਉਹ ਘਟਨਾ ਦੇ ਦੋਸ਼ੀਆਂ ਲਈ ਕਾਰਵਾਈ ਦੀ ਮੰਗ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲਾਂ ਵਿਚ ਸੁੱਟਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਹਾਲੇ ਤਕ ਨਹੀਂ ਹੋਇਆ।