ਡਿਪਟੀ ਮੇਅਰ ਨੇ ਮੁੱਖ ਪ੍ਰਸ਼ਾਸਨ ਨੂੰ ਲਿਖੀ ਚਿੱਠੀ : ਫੌਰੀ ਤੌਰ ਤੇ ਬਾਉਂਡਰੀ ਕਰਵਾਉਣ ਦੀ ਕੀਤੀ ਮੰਗ
ਮੁਹਾਲੀ : ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸੈਕਟਰ 77 ਦੇ ਸਾਹਮਣੇ ਪੈਂਦੀ ਜਗਹਾ ਜਿਸ ਨੂੰ ਝੁਗੀਆਂ ਤੋਂ ਖਾਲੀ ਕਰਵਾਇਆ ਗਿਆ ਹੈ, ਵਿਖੇ ਤਾਰ ਲਗਾ ਕੇ ਬਾਉਂਡਰੀ ਬਣਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਇੱਥੇ ਲੋਕਾਂ ਵੱਲੋਂ ਕੂੜਾ ਕਰਕਟ ਨਾ ਸੁੱਟਿਆ ਜਾ ਸਕੇ। ਉਹਨਾਂ ਕਿਹਾ ਕਿ ਇੱਥੇ ਇੱਕ ਤਰ੍ਹਾਂ ਦਾ ਡੰਪਿੰਗ ਰਾਊਂਡ ਬਣ ਗਿਆ ਹੈ ਜਿੱਥੇ ਲੋਕ ਵੱਡੀ ਮਾਤਰਾ ਵਿੱਚ ਕੂੜਾ ਸੁੱਟ ਰਹੇ ਹਨ ਅਤੇ ਨਾਲ ਰਹਿੰਦੇ ਇਲਾਕਾ ਵਾਸੀਆਂ ਨੂੰ ਇਸ ਕਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੱਜ ਇੱਥੇ ਸੈਕਟਰ 77 ਵਿੱਚ ਪੈਂਦੀ ਜੱਜ ਅਤੇ ਅਫੀਸਰ ਕਲੋਨੀ ਦੇ ਵਸਨੀਕਾਂ ਵੱਲੋਂ ਇੱਥੇ ਕੂੜਾ ਸੁੱਟਣ ਕਾਰਨ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਮਿਲਣ ਤੇ ਪਹੁੰਚੇ ਸਨ। ਉਹਨਾਂ ਕਿਹਾ ਕਿ ਗਮਾਡਾ ਦੀ ਲਾਪਰਵਾਹੀ ਕਾਰਨ ਇੱਥੇ ਮੁੜ ਕਬਜ਼ੇ ਹੋ ਜਾਣੇ ਹਨ। ਅਤੇ ਇੱਥੇ ਭਾਰੀ ਮਾਤਰਾ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ ਜ ਕਿ ਬਦਬੂ ਮਾਰਦਾ ਹੈ ਅਤੇ ਇਸ ਕਾਰਨ ਜੱਜ ਅਤੇ ਆਫੀਸਰ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਥੇ ਸਾਰੇ ਹੀ ਰਿਟਾਇਰਡ ਅਧਿਕਾਰੀ ਅਤੇ ਸੀਨੀਅਰ ਸਿਟੀਜਨ ਰਹਿੰਦੇ ਹਨ ਅਤੇ ਸੁਸਾਇਟੀ ਦੇ ਅੰਦਰ ਇਹਨਾਂ ਨੇ ਬਹੁਤ ਸੋਹਣੇ ਪਾਰਕ ਬਣਾਏ ਹੋਏ ਹਨ ਪਰ ਸੋਸਾਇਟੀ ਦੇ ਬਾਹਰ ਇਸ ਖਾਲੀ ਥਾਂ ਉੱਤੇ ਢੇਰਾਂ ਕੂੜਾ ਸੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹਨਾਂ ਨੇ ਖੁਦ ਇਥੋਂ ਜੇਸੀਬੀ ਮਸ਼ੀਨਾਂ ਲਿਆ ਕੇ ਕਈ ਗੱਡੀਆਂ ਕੂੜਾ ਚੁਕਵਾਇਆ ਹੈ ਪਰ ਲੋਕ ਮੁੜ ਇੱਥੇ ਟਰਾਲੀਆਂ ਭਰ ਭਰ ਕੇ ਕੂੜਾ ਸੁੱਟ ਜਾਂਦੇ ਹਨ ਜਿਸ ਕਾਰਨ ਇੱਥੇ ਬਿਮਾਰੀ ਵੀ ਫੈਲ ਸਕਦੀ ਹੈ। ਉਹਨਾਂ ਕਿਹਾ ਕਿ ਹਾਰ ਕੇ ਉਹਨਾਂ ਨੇ ਹੁਣ ਖੁਦ ਇੱਥੇ ਤਾਰਾਂ ਲਗਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਗਮਾਡਾ ਅਧਿਕਾਰੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ।
ਉਹਨਾਂ ਕਿਹਾ ਕਿ ਇਸ ਕੂੜੇ ਕਾਰਨ ਇੱਥੇ ਭਾਰੀ ਮਾਤਰਾ ਵਿੱਚ ਮੱਖੀ ਮੱਛਰ ਵੀ ਪੈਦਾ ਹੋ ਰਿਹਾ ਹੈ ਅਤੇ ਇਸ ਕਾਰਨ ਕਦੇ ਵੀ ਬਿਮਾਰੀਆਂ ਫੈਲ ਸਕਦੀਆਂ ਹਨ। ਉਹਨਾਂ ਕਿਹਾ ਕਿ ਗਮਾਡਾ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਫੌਰੀ ਤੌਰ ਤੇ ਇੱਥੇ ਬਾਊਂਡਰੀ ਕਰਵਾਈ ਜਾਵੇ ਅਤੇ ਇੱਥੇ ਕੂੜਾ ਸੁੱਟਣ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਬਾਉਂਡਰੀ ਨਾ ਹੋਈ ਤਾਂ ਇੱਥੇ ਮੁੜ ਕਬਜ਼ੇ ਹੋ ਜਾਣਗੇ ਅਤੇ ਗਮਾਡਾ ਵੱਲੋਂ ਝੁੱਗੀਆਂ ਹਟਾਉਣ ਦੀ ਕੀਤੀ ਕਾਰਵਾਈ ਫੇਲ ਸਾਬਿਤ ਹੋ ਜਾਵੇਗੀ। ਉਹਨਾਂ ਕਿਹਾ ਕਿ ਬਾਉਂਡਰੀ ਕਰ ਦਿੱਤੀ ਜਾਵੇਗੀ ਤਾਂ ਇੱਥੇ ਪੂਰਾ ਸੁੱਟਣ ਤੋਂ ਵੀ ਨਿਜਾਤ ਹਾਸਲ ਹੋਏਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ।
ਡਿਪਟੀ ਮੇਅਰ ਨੇ ਕਿਹਾ ਕਿ ਜਗ੍ਹਾ ਖਾਲੀ ਕਰਨ ਤੋਂ ਬਾਅਦ ਦਮਾਡਾ ਇਸ ਦੀ ਪਲੈਨਿੰਗ ਕਰੇ ਅਤੇ ਇਸ ਦੀ ਅਲਾਟਮੈਂਟ ਕਰੇ ਤਾਂ ਜੋ ਇਥੇ ਗੰਦਗੀ ਨਾ ਪੈ ਸਕੇ। ਉਹਨਾਂ ਕਿਹਾ ਕਿ ਇਹ ਜਗ੍ਹਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵੀ ਬਿਲਕੁਲ ਨੇੜੇ ਪੈਂਦੀ ਹੈ ਇਸ ਕਰਕੇ ਇੱਥੇ ਸਾਫ ਸਫਾਈ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਇੱਥੇ ਆ ਕੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਹੈ। ਉਹਨਾਂ ਮੁੱਖ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਇੱਥੋਂ ਦੇ ਵਸਨੀਕਾਂ ਵੀ ਇਸ ਮੁੱਖ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਗਮਾਡਾ ਦੇ ਖਿਲਾਫ ਸੜਕਾਂ ਉੱਤੇ ਆ ਕੇ ਸੰਘਰਸ਼ ਕਰਨਗੇ ਜਿਸ ਦੀ ਜਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਜੱਜ ਅਤੇ ਅਫੀਸਰ ਕਲੋਨੀ ਦੇ ਕਰਮਜੀਤ ਸਿੰਘ ਬੇਦੀ, ਡਾ. ਜਗਤਾਰ ਸਿੰਘ, ਕਸ਼ਮੀਰ ਸਿੰਘ, ਆਰ ਐਸ ਸਚਦੇਵਾ, ਵੀਪੀ ਗੁਪਤਾ, ਐਲਐਸ ਹੁੰਦਲ, ਜੀਐਸ ਭੱਟੀ ਅਤੇ ਲੱਖੋਵਾਲ ਹਾਜ਼ਰ ਸਨ।