ਮੋਗਾ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ, ਜਿਲਾਂ ਮੋਗਾ ਵੱਲੋਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ’ਤੇ ਮੋਗਾ ਦੇ ਗੋਧੇਵਾਲਾ, ਸਟੇਡੀਅਮ ਵਿਖੇ ਕੀਤੇ ਜਾ ਰਹੇ ਵਲੰਟੀਅਰ ਮਾਰਚ ਅਤੇ ਸੰਮੇਲਨ ਦੀ ਤਿਆਰੀ ਦੇ ਸਬੰਧ ’ਚ ਵਿਦਿਆਰਥੀ/ਨੌਜਵਾਨ ਨੂੰ ਲਾਮਬੰਦ ਕਰਨ ਦੀਆਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਮੋਗਾ-1 ਦੇ ਵੱਖ ਵੱਖ ਪਿੰਡਾਂ ’ਚ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸਵਰਾਜ ਢੱਡੀਕੇ ਅਤੇ ਲੜਕੀਆਂ ਦੀ ਸੂਬਾਈ ਕੋ-ਕਨਵੀਨਰ ਜਸਪ੍ਰੀਤ ਬੱਧਨੀ ਨੇ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਦਾ ਵਿਚਾਰਧਾਰਕ ਆਗੂ ਹੈ ਉਸਦੇ ਜੀਵਨ ਤੋਂ ਪ੍ਰੇਰਨਾ ਲੈ ਜਵਾਨੀ ਸਮਾਜ ਨੂੰ ਬਦਲਣ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਜ਼ਬਾਤੀ ਤੌਰ ’ਤੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਨਾਮ ’ਤੇ ਗੁੰਮਰਾਹ ਕਰ ਲੈਣ ਵਾਲੀ ਮੌਜੂਦਾ ਸਰਕਾਰ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਤੋਂ ਕੋਹਾਂ ਦੂਰ ਹੈ। ਪਬਲਿਕ ਸੈਕਟਰ ਤਬਾਹ ਹੋ ਰਹੇ ਹਨ ਤੇ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬੇਰੁਜ਼ਗਾਰੀ, ਆਤਮਹੱਤਿਆ, ਨਸ਼ੇ, ਮਾੜੀਆਂ ਸਿਹਤ ਸਹੂਲਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸਦੇ ਨਕਲੀ ਪੈਰੋਕਾਰ ਹੋਣ ਦਾ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਾ ਮੁੱਖ ਮੰਤਰੀ ਭਗਤ ਸਿੰਘ ਦੇ ਜਨਮ ਦਿਨ ’ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨਾ ਵੀ ਜਰੂਰੀ ਨਹੀਂ ਸਮਝਦਾ। ਪਰ ਭਗਤ ਸਿੰਘ ਨੂੰ ਨਵੀਂ ਪੀੜ੍ਹੀ ਨਾਲ ਜਾਣੂ ਕਰਵਾਉਣ ਤੇ ਉਸਦਾ ਲਗਾਤਾਰ ਜਨਮ ਦਿਨ ਮਨਾਉਣ ਦੀ ਰਵਾਇਤ ਦੇਣ ਵਾਲੀਆਂ ਜੱਥੇਬੰਦੀਆਂ ਹੁਣ ਵੀ ਉਸੇ ਤਰਾਂ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨੂੰ ਅੱਗੇ ਲੈ ਜਾਕੇ ਜਵਾਨੀ ਨੂੰ ਚੇਤਨ ਕਰਨ ਦਾ ਕੰਮ ਕਰ ਰਹੀਆਂ ਹਨ। ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਾਥੀਆਂ ਨੇ ਦੱਸਿਆ ਕਿ ਭਗਤ ਸਿੰਘ ਦਾ ਜਨਮ ਦਿਨ ਹਰ ਸਾਲ ਵਾਂਗ ਉਸੇ ਸਾਨੋ ਸੌਕਤ ਨਾਲ ਮਨਾਇਆ ਜਾਵੇਗਾ। ਇਸ ਕੰਮ ਲਈ ਨੌਜਵਾਨ ਵਰਗ ਨੂੰ ਚੇਤਨ ਕਰਨ ਲਈ ਵੱਖ ਵੱਖ ਪਿੰਡਾਂ,ਸ਼ਹਿਰਾਂ, ਬਲਾਕਾਂ ਵਿਚ ਮੀਟਿੰਗਾਂ/ਵਲੰਟੀਅਰ ਟਰੇਨਿੰਗ ਕੈਂਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਹਨਾਂ ਜਿਥੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਉਥੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ 28 ਸਤੰਬਰ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰੇ ਤਾਂ ਕਿ ਹਰ ਵਰਗ ਦੇ ਲੋਕ ਵੱਖ ਵੱਖ ਥਾਵਾਂ ’ਤੇ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਹੋਣ ਵਾਲੇ ਪ੍ਰੋਗਰਾਮਾਂ ’ਚ ਸ਼ਾਮਲ ਹੋ ਸਕਣ ਜਿਸ ਨਾਲ ਨਵੇਂ ਮੁੰਡੇ ਕੁੜੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਰਾਹੀਂ ਭਗਤ ਸਿੰਘ ਨਾਲ ਜੋੜਿਆ ਜਾ ਸਕੇਗਾ ਤੇ ਜਵਾਨੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਨਵੀਆਂ ਉਮੀਦਾਂ ਤੇ ਨਵੇਂ ਰਾਹਾਂ ਰਾਹੀਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਜਿਲ੍ਹਾਂ ਮੀਤ ਸਕੱਤਰ ਹਰਪ੍ਰੀਤ ਬਾਵਾ, ਜਿਲ੍ਹਾ ਆਗੂ ਬੋਹੜ ਬੁੱਟਰ, ਮਨਦੀਪ ਦੌਧਰ,ਹੰਸਰਾਜ ਦੌਧਰ, ਲਵਪ੍ਰੀਤ ਕੋਕਰੀ ਹੇਰਾ, ਬਲਜੀਤ ਕੌਰ ਕੋਕਰੀ ਫੂਲਾ,ਜਸਵੀਰ ਕੌਰ ਹਾਜ਼ਰ ਸਨ।