ਐਸ ਏ ਐਸ ਨਗਰ : ਸਥਾਨਕ ਫੇਸ਼ 3 ਬੀ 2 ਵਿਖੇ ਦੋ ਮੋਟਰ ਸਾਈਕਲ ਸਵਾਰ ਨਿਹੰਗਾਂ ਵੱਲੋਂ ਇੱਕ ਕਾਰ ਚਾਲਕ ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸੈਕਟਰ 70 ਵੱਜੋਂ ਹੋਈ ਹੈ। ਜ਼ਖਮੀ ਹਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ 25 ਸਤੰਬਰ ਦੀ ਰਾਤ ਨੂੰ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਉਹ ਇੱਕ ਨਿੱਜੀ ਨਰਸਿੰਗ ਹੋਮ ਦੀਆਂ ਲਾਈਟਾਂ ਦੇ ਕੋਲ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਨਿਹੰਗਾ ਨੇ ਉਸ ਨੂੰ ਕਿਹਾ ਕਿ ਉਸ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ। ਇਸ ਗੱਲ ਨੂੰ ਲੈ ਕੇ ਉਸ ਦੀ ਨਿਹੰਗਾਂ ਨਾਲ ਬਹਿਸ ਹੋ ਗਈ ਅਤੇ ਉਹ ਉਹਨਾਂ ਕੋਲੋਂ ਬਚਦਾ ਹੋਇਆ 3 ਬੀ 2 ਦੀਆਂ ਕੋਠੀਆਂ ਅੰਦਰ ਵੜ ਗਿਆ, ਪਰੰਤੂ ਦੋਵੇਂ ਮੋਟਰਸਾਈਕਲ ਸਵਾਰ ਨਿਹੰਗ ਉਸ ਦਾ ਪਿੱਛਾ ਕਰਦੇ ਹੋਏ ਉਸਦੀ ਗੱਡੀ ਕੋਲ ਪਹੁੰਚੇ ਅਤੇ ਕਿਰਪਾਨ ਨਾਲ ਉਸ ਦੇ ਜਾਨਲੇਵਾ ਹਮਲਾ ਕਰ ਦਿੱਤਾ।
ਉਸ ਦੇ ਰੌਲਾ ਪਾਉਣ ਤੇ ਉਕਤ ਨਿਹੰਗ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਉਸ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਨੇ ਦੱਸਿਆ ਕਿ ਜ਼ਖਮੀ ਹਰਪ੍ਰੀਤ ਸਿੰਘ ਇਨਸੋਰੈਂਸ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਉਸ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਨਿਹੰਗਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੇ। ਮੁਲਾਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।