ਐਸਜੀਪੀਸੀ ਮੈਂਬਰਾਂ ਨੂੰ ਬੁਲਾਉਣਾਂ ਹੁੱਕਮਨਾਮੇ ਦੀ ਘੋਰ ਉਲੰਘਣਾਂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਜਨਤਕ ਹਾਜ਼ਰੀ ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਜੇਕਰ ਪੰਥਕ ਪਾਰਟੀ ਦਾ ਪ੍ਰਧਾਨ ਹੀ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਦੀ ਪਾਲਣਾ ਨਹੀਂ ਕਰ ਸਕਦਾ ਤਾਂ ਇਸ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਤਾ ਵੇਲੇ ਆਪਣੀ ਕੁਰਸੀ ਬਚਾਉਣ ਲਈ ਜਾਂ ਦੁਬਾਰਾ ਪਾਉਣ ਲਈ ਸੌਦੇਬਾਜੀਆਂ ਕਿੰਨੀਆਂ ਵੱਡੀ ਪੱਧਰ ਤੇ ਕੀਤੀਆਂ ਹੋਣਗੀਆਂ। ਸੁਧਾਰ ਲਹਿਰ ਪ੍ਰਜੀਡੀਅਮ ਦੇ ਮੈਂਬਰ ਤੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁੱਰ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਡਰਾਂ ਅਤੇ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਸੁਖਬੀਰ ਸਿੰਘ ਬਾਦਲ ਦੇ ਜਨਤਕ ਇਕੱਠ ਵਿੱਚ ਸ਼ਮੂਲੀਅਤ ਕਰਨ ਤੇ ਕਿਹਾ ਕਿ ਪੰਥ ਦੀ ਇੱਕ ਮਰਿਯਾਦਾ ਹੁੰਦੀ ਹੈ ਖਾਸ ਤੌਰ ਤੇ ਜਦੋਂ ਤੁਸੀਂ ਪੰਥਕ ਪਾਰਟੀ ਦੀ ਅਗਵਾਈ ਕਰ ਰਹੇ ਹੁੰਦੇ ਹੋ ਤਾਂ ਇਸ ਤੇ ਪਹਿਰਾ ਦੇਣਾ ਤੁਹਾਡਾ ਇਖਲਾਕੀ ਫ਼ਰਜ ਬਣ ਜਾਂਦਾ ਹੈ ਪਰ ਅਫ਼ਸੋਸ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਧਰਮ ਨੂੰ ਹੇਠਾਂ ਅਤੇ ਸਿਆਸਤ ਨੂੰ ਉਪਰ ਦਰਸਾ ਕਿ, ਮੀਰੀ ਪੀਰੀ ਦੇ ਸਿਧਾਂਤ ਨੂੰ ਛਿੱਕੇ ਟੰਗ ਰਹੇ ਹਨ। ਐਸਜੀਪੀਸੀ ਮੈਂਬਰਾਂ ਨੂੰ ਬੁਲਾ ਰਹੇ ਹਨ ਤੇ ਪ੍ਰਧਾਨਗੀ ਵੀ ਆਪਣੇ ਲਿਫਾਫੇ ਚੋ ਕੱਢਣਗੇ ਇਹ ਅੱਤ ਦਰਜੇ ਦਾ ਮੰਦਭਾਗਾ ਵਰਤਾਰਾ ਹੈ। ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ, ਜਿਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆਉਣਾ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਬਿਨਾਂ ਕਿਸੇ ਪਾਵਰ ਦੇ ਵਰਕਿੰਗ ਪ੍ਰਧਾਨ ਵਜੋ ਨਿਯੁਕਤੀ ਮਹਿਜ਼ ਇੱਕ ਸਿਆਸੀ ਡਰਾਮਾ ਹੀ ਕੀਤਾ ਸੀ, ਉਸ ਵੇਲੇ ਸੁਧਾਰ ਲਹਿਰ ਨੇ ਇਸ ਗੱਲ ਨੂੰ ਜੋਰ ਦੇਕੇ ਕਿਹਾ ਸੀ, ਕਿ ਇਹ ਡਰਾਮਾ ਸਿਰਫ ਸਿੱਖ ਸੰਗਤ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਕੀਤਾ ਗਿਆ ਹੈ ਜਿਸ ਨੂੰ ਅੱਜ ਖੁਦ ਲੋਕਾਂ ਵੱਲੋਂ ਨਕਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਵਿੱਚ ਵਿਚਰਨਾਂ ਸ਼ੁਰੂ ਕਰ ਅਤੇ ਪਾਰਟੀ ਦੀਆਂ ਮੀਟਿੰਗਾਂ ਬੁਲਾ ਕੇ ਸਾਬਿਤ ਕਰ ਦਿੱਤਾ ਹੈ। ਸੁਧਾਰ ਲਹਿਰ ਦੇ ਆਗੂਆਂ ਨੇ ਬੜੇ ਦੁੱਖ ਨਾਲ ਇਸ ਗੱਲ ਨੂੰ ਕਿਹਾ ਕਿ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਪੰਥਕ ਪਾਰਟੀ ਨੂੰ ਅਜਿਹੇ ਪ੍ਰਧਾਨ ਨੇ ਕੈਪਚਰ ਕੀਤਾ ਹੋਇਆ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਹੈ, ਜਿਸ ਵਿੱਚ ਇਹ ਸੀਈਓ ਦਾ ਰੋਲ ਅਦਾ ਕਰ ਰਹੇ ਹਨ।
ਇਸ ਦੇ ਨਾਲ ਹੀ ਓਹਨਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਕੌਮ ਬਹਿਰੂਪੀਆ ਰੂਪ ਵਿੱਚ ਬੈਠੇ ਅਜਿਹੇ ਲੋਕਾਂ ਦੇ ਅਸਲ ਕਿਰਦਾਰ ਤੋਂ ਜਾਣੂ ਹੋਣ ਜਿਹੜੇ ਲੋਕ ਸਿਆਸਤ ਲਈ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਹੁਕਨਾਮੇ ਨੂੰ ਸ਼ਰੇਆਮ ਚੁਣੌਤੀ ਦਿੰਦੇ ਹੋਣ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ, ਇੱਕ ਪੰਥਕ ਪਾਰਟੀ ਦੇ ਪ੍ਰਧਾਨ ਨੇ ਆਪਣੇ ਦਿੱਤੇ ਸਪਸ਼ਟੀਕਰਨ ਤੇ ਸਿੰਘ ਸਾਹਿਬਾਨਾਂ ਦੇ ਫੈਸਲੇ ਦੀ ਉਡੀਕ ਕਰਨਾ ਵੀ ਮੁਨਸਿਫ਼ ਨਾ ਸਮਝਣਾ ਇਹ ਸਾਬਿਤ ਕਰਦਾ ਹੈ ਕਿ ਇਹਨਾਂ ਲੋਕਾਂ ਲਈ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਮੁੱਲ ਨਹੀਂ ਹੈ ਇਸ ਕਰਕੇ ਬੀਤੇ ਸਮੇਂ ਦੌਰਾਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਦਬਾਅ ਬਣਾ ਕੇ ਕੌਮ ਵਿਰੋਧੀ ਫੈਸਲੇ ਕਰਵਾਏ ਜਿਸ ਵਿੱਚ ਝੂਠੇ ਤੇ ਬਲਾਤਕਾਰੀ ਸਾਧ ਨੂੰ ਮੁਆਫ਼ੀ ਸ਼ਾਮਿਲ ਸੀ ਇਸ ਤੋਂ ਪਹਿਲਾਂ ਬਲਾਤਕਾਰੀ ਸਾਧ ਖਿਲਾਫ ਦਰਜ ਕੇਸ ਨੂੰ ਬਠਿੰਡਾ ਕੋਰਟ ਤੋਂ ਵਾਪਿਸ ਲਿਆ ਅਤੇ ਵੋਟਾਂ ਦੀ ਸੌਦੇਬਾਜੀ ਤੱਕ ਕੀਤੀ। ਸੁਧਾਰ ਲਹਿਰ ਦੇ ਆਗੂਆਂ ਨੇ ਏਥੇ ਇਹ ਵੀ ਸਪੱਸ਼ਟ ਕੀਤਾ ਕਿ, ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਮੌਜੂਦਾ ਸਮੇਂ ਵਿੱਚ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ ਪਰ ਸੁਖਬੀਰ ਸਿੰਘ ਬਾਦਲ ਤਮਾਮ ਪੰਥਕ ਮਰਿਯਾਦਾ ਨੂੰ ਤਾਰ ਤਾਰ ਕਰਦੇ ਹੋਏ ਇਹਨੇ ਲਾਲਚਵਾਦੀ ਨਜਰ ਆਏ ਕਿ ਓਹਨਾ ਨੇ ਆਪਣੇ ਤੋ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਿੱਛੇ ਧੱਕ ਕਿ ਆਪਣੀ ਬਚੀ ਖੁਚੀ ਸਿਆਸਤ ਨੂੰ ਲੋਕਾਂ ਸਾਹਮਣੇ ਦੁੱਧ ਧੋਤਾ ਹੋਣ ਦੀ ਹੈਸੀਅਤ ਨਾਲ ਸ਼ਮੂਲੀਅਤ ਕੀਤੀ। ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਅੱਜ ਇਸ ਗੱਲ ਤੇ ਮੋਹਰ ਲੱਗੀ ਹੈ ਕਿ ਪਿਛਲੇ ਦਿਨੀਂ ਜਿਹੜੀ ਪੋਸਟ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਵਲਵਲੇ ਦੇ ਰੂਪ ਵਿਚ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ ਸੀ, ਦਰਅਸਲ ਉਹ ਵਲਟੋਹਾ ਸਾਹਿਬ ਦੇ ਵਲਵਲੇ ਨਾ ਹੋਕੇ ਸੁਖਬੀਰ ਸਿੰਘ ਬਾਦਲ ਦੇ ਉਤੇਜਨਾ ਸੀ ਜਿਸ ਨੂੰ ਵਲਟੋਹਾ ਜਰੀਏ ਲੋਕਾਂ ਸਾਹਮਣੇ ਰੱਖੇ ਗਏ ਸਨ। ਆਗੂਆਂ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਮੁੜ ਅਪੀਲ ਕੀਤੀ ਕਿ ਹੁਣ ਪੰਥਕ ਨਿਘਾਰ ਤੋਂ ਬਚਣ ਲਈ ਓਹ ਸਾਰਥਕ ਰੁਖ ਅਦਾ ਕਰਨ ਅਤੇ ਤਨਖਾਹੀਆ ਸਿੱਖ ਦੇ ਬਾਰੇ ਸੰਗਤ ਸਾਹਮਣੇ ਵਿਆਖਿਆ ਕਰਨ ਤਾਂ ਜੋ ਕੌਮ ਵਿੱਚ ਬੈਠੇ ਬਹਿਰੂਪੀਆ ਸਿੱਖਾਂ ਦੀ ਪਛਾਣ ਹੋ ਸਕੇ ਤੇ ਕੌਮ ਨੂੰ ਮਜ਼ਬੂਤ ਲੀਡਰ ਮਿਲ ਸਕੇ।