ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਪੰਚਾਇਤੀ ਚੋਣਾਂ ਵਿੱਚ ਗੁੰਡਾਗਰਦੀ ਅਤੇ ਹੇਰਾਫ਼ੇਰੀ ਹੋਣ ਦੀ ਸੰਭਾਵਨਾ ਜਤਾਈ
ਚੰਡੀਗੜ੍ਹ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਚਾਇਤੀ ਚੋਣਾਂ ਜੋ ਭਲਕੇ ਹੋਣ ਜਾ ਰਹੀਆਂ ਹਨ, ਉਸ ਵਿੱਚ ‘ਆਪ’ ਸਰਕਾਰ ਵੱਲੋਂ ਸੰਭਾਵੀ ਗੁੰਡਾਗਰਦੀ ਅਤੇ ਹੇਰਾਫ਼ੇਰੀ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਸ੍ਰ. ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਦੇ ਕਥਿਤ ਨਿਰਦੇਸ਼ਾਂ 'ਤੇ ਰਿਟਰਨਿੰਗ ਅਫ਼ਸਰਾਂ ਅਤੇ ਬੀਡੀਪੀਓ ਦੁਆਰਾ ਨਾਮਜ਼ਦਗੀਆਂ ਰੱਦ ਕੀਤੇ ਜਾਣ ਵਾਲੇ ਵਿਰੋਧੀ ਉਮੀਦਵਾਰਾਂ ਦੇ ਮੰਦਭਾਗੇ ਅਭਿਆਸਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰਾਜ ਚੋਣ ਕਮਿਸ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨੂੰ ਠੱਲ੍ਹ ਪਾਉਣ ਅਤੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਵੀਡੀਓਗ੍ਰਾਫੀ ਅਤੇ ਉੱਚ ਸੁਰੱਖਿਆ ਸਮੇਤ ਸਖ਼ਤ ਉਪਾਅ ਲਾਗੂ ਕਰਨ ਲਈ ਦਖ਼ਲ ਦੀ ਬੇਨਤੀ ਕੀਤੀ।
'ਆਪ' ਵਿਧਾਇਕਾਂ ਵੱਲੋਂ ਜਿੱਤ ਦੇ ਬੇਸ਼ਰਮੀ ਭਰੇ ਐਲਾਨਾਂ 'ਤੇ ਚਿੰਤਾ ਜ਼ਾਹਰ ਕਰਦਿਆਂ, ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਚੋਣ ਪ੍ਰਣਾਲੀ ਦੀ ਪਵਿੱਤਰਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅੱਜ ਜੋ ਕੁੱਝ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਜਿੱਤਣ ਲਈ ਹਥਕੰਡੇ ਅਤੇ ਗੁੰਡਾਗਰਦੀ ਦੇ ਰਸਤੇ ਚੁਣ ਰਹੀ ਹੈ, ਉਸਦੇ ਨਤੀਜ਼ੇ ਆਉਣ ਵਾਲੇ ਸਮੇਂ ਵਿੱਚ ਬੁਰੀ ਤਰ੍ਹਾਂ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ 2027 ਦੂਰ ਨਹੀਂ ਜਦ ਹੱਥਾਂ ਨਾਲ ਦਿੱਤੀਆਂ ਗੰਢਾਂ, ਦੰਦਾਂ ਨਾਲ ਖੋਲਣੀਆਂ ਪੈਣੀਆਂ ਹਨ। ਹਾਲਾਂਕਿ ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ 2022 ਤੋਂ ਲੈਕੇ ਹੁਣ ਤੱਕ "ਜ਼ੀਰੋ ਬਟਾ ਜ਼ੀਰੋ" ਹੈ।