ਜੀਰਕਪੁਰ : ਜ਼ੀਰਕਪੁਰ ਖੇਤਰ ਦੇ ਇੱਕੋ ਇੱਕ ਪਿੰਡ ਸ਼ਤਾਬਗੜ੍ਹ ਵਿਖੇ ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਰਵਿੰਦਰ ਕੌਰ ਆਪਣੀ ਵਿਰੋਧੀ ਰਜਿੰਦਰਜੀਤ ਕੌਰ ਨੂੰ ਹਰਾ ਕੇ ਸਰਪੰਚ ਬਣ ਗਈ। ਪਿੰਡ ਵਿੱਚ ਕੁੱਲ ਪੋਲ ਹੋਈਆਂ 521 ਵੋਟਾਂ ਵਿੱਚੋਂ ਹਰਵਿੰਦਰ ਕੌਰ ਨੇ 293 ਵੋਟਾਂ ਹਾਸਲ ਕੀਤੀਆਂ। ਉਹਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੋਣ ਨਿਸ਼ਾਨ ਕੂਲਰ, ਪ੍ਰਵੀਨ ਕੌਰ ਚੋਣ ਨਿਸ਼ਾਨ ਫੁਟਬਾਲ, ਹਰਪਾਲ ਸਿੰਘ ਚੋਣ ਨਿਸ਼ਾਨ ਚਾਬੀ, ਲਖਵਿੰਦਰ ਕੌਰ ਚੋਣ ਨਿਸ਼ਾਨ ਕਾਰ ਨੇ ਵੀ ਪੰਚ ਵਜੋਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਇਸ ਦੌਰਾਨ ਜੇਤੂ ਸਰਪੰਚ ਹਰਵਿੰਦਰ ਕੌਰ ਨੇ ਕਿਹਾ ਕਿ ਇਹ ਜਿੱਤ ਉਸ ਦੀ ਇਕੱਲਿਆਂ ਦੀ ਜਿੱਤ ਨਹੀਂ ਹੈ ਸਗੋਂ ਸਮੂਹ ਪਿੰਡ ਵਾਸੀਆਂ ਦੀ ਜਿੱਤ ਹੈ ਉਸ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਹਰ ਸਮੇਂ ਪਿੰਡ ਦੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਸਰਕਾਰ ਤੋਂ ਪਿੰਡ ਦੀ ਭਲਾਈ ਲਈ ਫੰਡ ਮੁਹਈਆ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਇਸ ਤੋਂ ਇਲਾਵਾ ਜੇਤੂ ਪੰਚਾਂ ਨੇ ਵੀ ਪਿੰਡ ਦੀ ਬੇਹਤਰੀ ਲਈ ਸਰਪੰਚ ਹਰਵਿੰਦਰ ਕੌਰ ਨੂੰ ਸੰਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹਰਵਿੰਦਰ ਕੌਰ ਦੀ ਜਿੱਤ ਤੋਂ ਬਾਅਦ ਪਿੰਡ ਸ਼ਤਾਬਗੜ ਵਿਖੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਅੱਠ ਪਿੰਡਾਂ ਨੂੰ ਮਿਲਾ ਕੇ ਜੀਰਕਪੁਰ ਨਗਰ ਪੰਚਾਇਤ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਮੇਂ ਸਮੇਂ ਤੇ ਨਗਰ ਕੌਂਸਲ ਦੀ ਹਦੂਦ ਅੰਦਰ ਵੱਖ ਵੱਖ ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪਰੰਤੂ ਪਿੰਡ ਸ਼ਤਾਬਗੜ ਦੀ ਪੰਚਾਇਤ ਨੇ ਨਗਰ ਕੌਂਸਲ ਦੀ ਹਦੂਦ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਜ਼ੀਰਕਪੁਰ ਦੀ ਕਰੀਬ 6 ਲੱਖ ਆਬਾਦੀ ਹੋਣ ਦੇ ਬਾਵਜੂਦ ਸਿਰਫ ਇੱਕ ਪਿੰਡ ਹੀ ਅਜਿਹਾ ਬਚਿਆ ਹੈ ਜਿੱਥੇ ਪੰਚਾਇਤੀ ਚੋਣਾਂ ਹੁੰਦੀਆਂ ਹਨ।