ਉਦਘਾਟਨੀ ਮੈਚ ਵਿੱਚ
ਐੱਸ.ਏ.ਐੱਸ.ਨਗਰ : ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਸਕੂਲਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ 17 ਸਾਲ ਵਰਗ ਦੀਆਂ ਲੜਕੀਆਂ ਦੇ ਹਾਕੀ ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲੇ ਅੱਜ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ:ਸਿੱ) ਡਾ: ਗਿੰਨੀ ਦੁੱਗਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਸਕੂਲੀ ਖੇਡ ਮੁਕਾਬਲਿਆਂ ਦਾ ਉਦਘਾਟਨ ਅੱਜ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਸਥਾਨਕ ਸੈਕਟਰ 63 ਦੇ ਹਾਕੀ ਸਟੇਡੀਅਮ ਵਿਖੇ ਕੀਤਾ। ਉਨ੍ਹਾਂ ਉਦਘਾਟਨੀ ਮੈਚ ਖੇਡਣ ਵਾਲੀਆਂ ਹਾਕੀ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਖਿਡਾਰਨਾਂ ਨੂੰ ਅਸ਼ੀਰਵਾਦ ਵੀ ਦਿੱਤਾ। ਹਾਕੀ ਦੇ ਉਦਘਾਟਨੀ ਮੈਚ ਵਿੱਚ ਬਠਿੰਡਾ ਦੀ ਟੀਮ ਦਾ ਮੁਕਾਬਲਾ ਫਿਰੋਜ਼ਪੁਰ ਨਾਲ ਹੋਇਆ। ਇੱਕਪਾਸੜ ਰਹੇ ਇਸ ਮੈਚ ਵਿੱਚ ਬਠਿੰਡਾ ਦੀ ਟੀਮ ਨੇ 6-0 ਦੇ ਅੰਤਰ ਨਾਲ ਜਿੱਤ ਦਰਜ਼ ਕੀਤੀ। ਅੱਜ ਪਹਿਲੇ ਦਿਨ ਹੋਏ ਹਾਕੀ ਦੇ ਹੋਰਨਾਂ ਮੈਚਾਂ ਵਿੱਚ ਸੰਗਰੂਰ ਨੇ ਮਾਨਸਾ ਨੂੰ 3-0 ਨਾਲ,ਪੀਆਈਐੱਸ ਬਾਦਲ ਨੇ ਰੂਪਨਗਰ ਨੂੰ 5-0 ਨਾਲ,ਪਟਿਆਲਾ ਨੇ ਫਰੀਦਕੋਟ ਨੂੰ 5-0 ਨਾਲ ਅਤੇ ਪੀਆਈਐੱਸ ਬਠਿੰਡਾ ਨੇ ਗੁਰਦਾਸਪੁਰ ਨੂੰ 6-0 ਨਾਲ ਹਰਾਇਆ। ਇਸੇ ਦੌਰਾਨ ਨਵਦੀਪ ਚੌਧਰੀ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਹਾਕੀ ਮੁਕਾਬਲੇ ਵਿੱਚ 25 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾ ਗੇੜ ਲੀਗ ਆਧਾਰਿਤ ਖੇਡਿਆ ਜਾ ਰਿਹਾ ਹੈ ਜਦਕਿ ਅਗਲੇ ਗੇੜ ਦੇ ਮੈਚ ਨਾਕ-ਆਊਟ ਹੋਣਗੇ।
ਇਸੇ ਦੌਰਾਨ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋਏ 19 ਸਾਲ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨੀ ਮੈਚ ਮੋਗਾ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 126 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਚ ਬੱਲੇਬਾਜ਼ੀ ਕਰਦਿਆਂ ਮੋਗਾ ਦੀ ਟੀਮ ਨੇ ਸਾਗਰ ਦੇ ਅਰਧ ਸੈਂਕੜੇ ਸਦਕਾ 13ਵੇਂ ਓਵਰ ਵਿੱਚ ਹੀ ਜੇਤੂ ਟੀਚਾ ਪਾਰ ਕਰਦਿਆਂ ਜਿੱਤ ਦਰਜ਼ ਕੀਤੀ। ਮੋਗਾ ਤੇ ਤਨਵੀਰ ਨੇ ਪੰਜ ਵਿਕਟਾਂ ਲਈਆਂ। ਲੁਧਿਆਣਾ ਤੇ ਪਠਾਨਕੋਟ ਵਿਚਕਾਰ ਹੋਇਆ ਮੈਚ ਇੱਕਪਾਸੜ ਹੋ ਨਿੱਬੜਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਅਭਿਨਵ ਨੇ 81(43),ਜਸਕਰਨਵੀਰ ਨੇ 71(42) ਅਤੇ ਸ਼ਿਵਨ ਨੇ 40(15) ਦੌੜਾਂ ਦੀ ਧੂੰਆਂਧਾਰ ਪਾਰੀ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਗਵਾ ਕੇ 253 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਇਸਦੇ ਜਵਾਬ ਵਿੱਚ ਪਠਾਨਕੋਟ ਦੀ ਪਾਰੀ ਮਹਿਜ਼ 47 ਦੌੜਾਂ ‘ਤੇ ਸਿਮਟ ਗਈ। ਹੋਰਨਾਂ ਮੈਚਾਂ ਵਿੱਚ ਫਰੀਦਕੋਟ ਨੇ ਫਾਜ਼ਿਲਕਾ ਨੂੰ 57ਦੌੜਾਂ ਨਾਲ ਅਤੇ ਬਠਿੰਡਾ ਨੇ ਫਿਰੋਜ਼ਪੁਰ ਨੂੰ 68 ਦੌੜਾਂ ਦੇ ਅੰਤਰ ਨਾਲ ਹਰਾ ਕੇ ਅਗਲੇ ਗੇੜ ਵਿੱਚ ਆਪਣੀ ਥਾਂ ਪੱਕੀ ਕੀਤੀ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਕ੍ਰਿਕਟ ਦੇ ਰਾਜ ਪੱਧਰੀ ਮੁਕਾਬਲੇ ਵਿੱਚ 23 ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਕਾਬਲੇ ਚਾਰ ਦਿਨ ਚੱਲਣੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਚੌਧਰੀ,ਹਰਪ੍ਰੀਤ ਕੌਰ,ਕ੍ਰਿਸ਼ਨ ਮਹਿਤਾ,ਅਮਨਦੀਪ ਕੌਰ, ਸਤਵਿੰਦਰ ਕੌਰ,ਰਾਜਬੀਰ ਕੌਰ,ਲਕਸ਼ਮੀ ਰਾਣੀ,ਦੀਪਿਕਾ,ਕੁਲਦੀਪ ਕੌਰ,ਗੁਰਮੀਤ ਸਿੰਘ,ਜਗਦੀਪ ਸਿੰਘ,ਸੰਦੀਪ ਜਿੰਦਲ,ਸਤਨਾਮ ਸਿੰਘ,ਸੁਰਿੰਦਰਪਾਲ ਸਿੰਘ ਹਸਨਪੁਰ ਅਤੇ ਸੰਦੀਪ ਸਿੰਘ ਰਡਿਆਲਾ ਆਦਿ ਵੀ ਹਾਜ਼ਰ ਸਨ।