ਮਾਛੀਵਾੜਾ ਸਾਹਿਬ : ਦੀਵਾਲੀ ’ਤੇ ਪਟਾਕੇ ਦਿਵਾਉਣ ਦੇ ਬਹਾਨੇ ਪਿੰਡ ਸ਼ਤਾਬਗੜ੍ਹ ਦੇ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਮਾਛੀਵਾੜਾ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਬੱਚਿਆਂ ਨੂੰ ਬਰਾਮਦ ਕਰ ਲਿਆ ਤੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਡੀ.ਐਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਸ਼ਤਾਬਗੜ੍ਹ ਵਾਸੀ ਸੰਜੂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 31 ਅਕਤੂਬਰ ਨੂੰ ਗੁਆਂਢ ‘ਚ ਰਹਿਣ ਵਾਲਾ ਅਰਜਨ ਉਸ ਦੇ ਦੋ ਬੱਚਿਆਂ ਅਜੇ ਅਤੇ ਵਿਜੇ ਨੂੰ ਪਟਾਕੇ ਦਿਵਾਉਣ ਦੇ ਬਹਾਨੇ ਘਰੋਂ ਲੈ ਗਿਆ ਸੀ।
ਮਾਛੀਵਾੜਾ ਪੁਲੀਸ ਨੇ ਇਸ ਮਾਮਲੇ ਵਿੱਚ ਅਗਵਾਕਾਰ ਅਰਜਨ ਖ਼ਿਲਾਫ਼ ਕੇਸ ਦਰਜ ਕਰਕੇ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰਜਨ ਬੱਚਿਆਂ ਨੂੰ ਲੈ ਕੇ ਕਿਸੇ ਹੋਰ ਸੂਬੇ ਵਿੱਚ ਭੱਜਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ।ਉਸ ਕੋਲੋਂ ਬੱਚੇ ਬਰਾਮਦ ਕੀਤੇ ਗਏ। ਡੀ.ਐਸ.ਪੀ. ਨੇ ਖਦਸ਼ਾ ਜ਼ਾਹਰ ਕੀਤਾ ਕਿ ਮੁਲਜ਼ਮ ਅਰਜਨ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦਾ ਮਕਸਦ ਉਨ੍ਹਾਂ ਨੂੰ ਮਜ਼ਦੂਰ ਬਣਵਾਉਣਾ ਜਾਂ ਵੇਚਣਾ ਹੋ ਸਕਦਾ ਹੈ, ਬਾਕੀ ਦੀ ਜਾਂਚ ਜਾਰੀ ਹੈ।