ਗਮਾਡਾ ਆਪਣੇ ਖੇਤਰ ਵਿਚਲੇ ਕੂੜੇ ਲਈ ਕਰੇ ਵੱਖਰਾ ਪ੍ਰਬੰਧ : ਕੁਲਜੀਤ ਸਿੰਘ ਬੇਦੀ
ਮੋਹਾਲੀ : ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਦੇ ਕੂੜੇ ਦੇ ਪ੍ਰਬੰਧ ਸਬੰਧੀ ਫਾਈਲ ਕਲੀਅਰ ਹੋਣ ਉੱਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਆਪਣੇ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਲੀ ਵਿੱਚ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਜਿੰਨਾ ਕੂੜਾ ਠੇਕੇਦਾਰ ਕੰਪਨੀ ਵੱਲੋਂ ਚੁੱਕਿਆ ਜਾ ਰਿਹਾ ਸੀ ਉਸ ਤੋਂ ਦੁਗਣਾ ਕੂੜਾ ਮਹਾਲੀ ਵਿੱਚ ਰੋਜ਼ਾਨਾ ਪੈਦਾ ਹੋ ਰਿਹਾ ਹੈ। ਖਾਸ ਤੌਰ ਤੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਇਸ ਤੋਂ ਵੀ ਦੁਗਣਾ ਕੂੜਾ ਪੈਦਾ ਹੁੰਦਾ ਰਿਹਾ ਹੈ। ਇਸ ਕਰਕੇ ਨਗਰ ਨਿਗਮ ਵੱਲੋਂ ਅਗਾਊਂ 100 ਟਨ ਕੂੜੇ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਨੂੰ ਠੇਕਾ ਦੇਣ ਸਬੰਧੀ ਫਾਈਲ ਸਥਾਨਕ ਸਰਕਾਰ ਵਿਭਾਗ ਨੂੰ ਭੇਜੀ ਗਈ ਸੀ ਪਰ ਸਥਾਨਕ ਸਰਕਾਰ ਵਿਭਾਗ ਨੇ ਇਸ ਫਾਈਲ ਨੂੰ ਸਮੇਂ ਸਿਰ ਕਲੀਅਰ ਨਹੀਂ ਕੀਤਾ ਜਿਸ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਗਏ।
ਉਹਨਾਂ ਕਿਹਾ ਕਿ ਉਹਨਾਂ ਨੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਇਸ ਫਾਈਲ ਨੂੰ ਫੌਰੀ ਤੌਰ ਤੇ ਕਲੀਅਰ ਕੀਤਾ ਜਾਵੇ ਨਹੀਂ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਅੱਗੇ ਧਰਨਾ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਇਹ ਫਾਈਲ ਅੱਜ ਕਲੀਅਰ ਹੋ ਗਈ ਹੈ। ਇਸ ਲਈ ਉਹਨਾਂ ਨੇ ਇਹ ਧਰਨਾ ਮੁਲਤਵੀ ਕਰ ਦਿੱਤਾ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਰ ਵਿੱਚ ਪੈਦਾ ਹੋ ਰਹੇ ਕੂੜੇ ਦਾ ਪ੍ਰਬੰਧ ਕਰਨ ਅਤੇ ਇਸ ਲਈ ਮੋਹਾਲੀ ਨਗਰ ਨਿਗਮ ਵਾਂਗ ਪ੍ਰਾਈਵੇਟ ਕੰਪਨੀ ਨਾਲ ਠੇਕਾ ਕੀਤਾ ਜਾ ਸਕਦਾ ਹੈ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਸਥਾਨਕ ਸਰਕਾਰ ਵਿਭਾਗ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹਨ ਪਰ ਜੇਕਰ ਮੋਹਾਲੀ ਵਿੱਚ ਅੱਗੇ ਕੂੜੇ ਦੇ ਪ੍ਰਬੰਧ ਵਿੱਚ ਕੋਈ ਵੀ ਸਮੱਸਿਆ ਆਈ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਅੱਗੇ ਧਰਨਾ ਦੇਣ ਲਈ ਮੁੜ ਫੈਸਲਾ ਲੈ ਸਕਦੇ ਹਨ।