ਚੰਡੀਗੜ੍ਹ : ਲਗਦਾ ਹੈ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਮੁੜ ਵੱਧ ਰਹੀਆਂ ਹਨ। ਉਨ੍ਹਾਂ ਦੁਆਰਾ ਕੁਝ ਸਮਾਂ ਪਹਿਲਾਂ ਪੰਜਾਬ ਦੀ ਕਿਸੇ ਆਈ.ਏ.ਐਸ. ਅਫ਼ਸਰ ਨੂੰ ਕਥਿਤ ਤੌਰ ’ਤੇ ਐਸ.ਐਮ.ਐਸ. ਭੇਜਣ ਦਾ ਮਾਮਲਾ ਫਿਰ ਉਠ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਾਕਾਇਦਾ ਪ੍ਰੈਸ ਕਾਨਫ਼ਰੰਸ ਕਰਕੇ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਸਰਕਾਰ ਵਲੋਂ ਇਸ ਮਾਮਲੇ ਵਿਚ ਕਮਿਸ਼ਨ ਨੂੰ ਇਕ ਹਫ਼ਤੇ ਅੰਦਰ ਕੋਈ ਜਵਾਬ ਨਾ ਭੇਜਿਆ ਗਿਆ ਤਾਂ ਉਹ ਸੋਮਵਾਰ ਤੋਂ ਧਰਨਾ ਲਾਉਣ ਲਈ ਮਜਬੂਰ ਹੋਣਗੇ। ਕਮਿਸ਼ਨ ਨੇ ਚੰਨੀ ਦੇ ਮਾਮਲੇ ਵਿਚ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਪਰ ਅੱਜ ਤਕ ਜਵਾਬ ਨਹੀਂ ਆਇਆ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਨੇ ਪਿਛਲੇ ਦਿਨੀਂ ਅਪਣੇ ਘਰ ਦਲਿਤ ਵਿਧਾਇਕਾਂ ਦੀ ਬੈਠਕ ਕੀਤੀ ਸੀ ਜਿਸ ਵਿਚ ਇਕ ਕੈਬਨਿਟ ਮੰਤਰੀ ਵੀ ਸ਼ਾਮਲ ਹੋਈ ਸੀ। ਸਿਆਸੀ ਹਲਕਿਆਂ ਮੁਤਾਬਕ ਸਰਕਾਰ ਵਿਰੁਧ ਬਾਗ਼ੀ ਸੁਰ ਰੱਖਣ ਵਾਲੇ ਚਰਨਜੀਤ ਚੰਨੀ ਨੂੰ ‘ਚੁੱਪ’ ਕਰਾਉਣ ਲਈ ਹੀ ਇਹ ਮਾਮਲਾ ਦੁਆਰਾ ਚੁਕਿਆ ਗਿਆ ਹੈ।