ਭਵਾਨੀਗੜ੍ਹ : ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨਿਰਮਾਣ ਲਈ ਮਜ਼ਬੂਤ ਨੀਂਹ ਰੱਖਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀ ਨੇ ‘ਖੇਡਾ ਵਤਨ ਪੰਜਾਬ’ ਦੇ ਅੰਡਰ-21 ਰਾਜ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ 89 ਕਿਲੋ ਵਰਗ ਵਿੱਚ ਭਾਗ ਲੈ ਕੇ ਇਸ ਖੇਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਿੱਕ ਬਾਕਸਿੰਗ ਦੀ ਖੇਡ ਵਿੱਚ ਰਾਜ ਪੱਧਰੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਅਤੇ 5000 ਰੁਪਏ ਦਾ ਨਗਦ ਇਨਾਮ ਜਿੱਤਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਅਰਵਿੰਦ ਸਿੰਘ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਵਿਦਿਆਰਥੀ ਦੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਖੇਡ ਕੋਚਾਂ ਅਤੇ ਵਿਦਿਆਰਥੀ ਦੀ ਲਗਨ ਅਤੇ ਮਿਹਨਤ ਦੇ ਨਤੀਜੇ ਨੂੰ ਜਾਂਦਾ ਹੈ। ਇਹ ਖਿਡਾਰੀ ਦੇ ਸਰਵਪੱਖੀ ਵਿਕਾਸ ਦਾ ਸੂਚਕ ਹੈ। ਇਸ ਮੌਕੇ ਸਕੂਲ ਪ੍ਰਬੰਧਕ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਉੱਚੀ ਉਡਾਰੀ ਮਾਰਨ ਲਈ ਪ੍ਰੇਰਿਤ ਕੀਤਾ।