ਐੱਸ.ਏ.ਐੱਸ ਨਗਰ : ਮੁਹਾਲੀ ਪੁਲੀਸ ਅਤੇ ਏ. ਜੀ. ਟੀ. ਐਫ ਵਲੋਂ ਇਕ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਮਨਜੀਤ ਮਾਹਲ ਦੇ ਦੋ ਗੁਰਗਿਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਕੇ ਇਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਛਾਣ ਇਕਬਾਲ ਸਿੰਘ ਉਰਫ ਵਿਨੈ ਵਾਸੀ ਨਵੀਂ ਦਿੱਲੀ, ਗੁਲਸ਼ਨ ਕੁਮਾਰ ਉਰਫ ਮੋਨੂੰ ਉਰਫ ਲੈਫਟੀ ਵਾਸੀ ਨਵੀਂ ਦਿੱਲੀ ਅਤੇ ਸਤੀਸ਼ ਕੁਮਾਰ ਵਾਸੀ ਮੋਹਕਮਪੁਰ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ।
ਇਸ ਸਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਉਕਤ ਗੈਂਗ ਦੇ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਲਈ ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਡੀ.ਐਸ.ਪੀ ਬਿਕਰਮ ਸਿੰਘ ਬਰਾੜ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਸੁਰਜੀਤ ਸਿੰਘ ਦੀ ਟੀਮ ਬਣਾਈ ਗਈ ਸੀ।
ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਉਕਤ ਗੈਂਗ ਨੂੰ ਤਿਹਾੜ ਜੇਲ ਵਿੱਚ ਬੰਦ ਗੈਂਗਸਟਰ ਮਨਜੀਤ ਮਾਹਲ ਚਲਾਉਂਦਾ ਹੈ ਅਤੇ ਉਕਤ ਗੈਂਗ ਦਿੱਲੀ ਵਿੱਚ ਸਰਗਰਮ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਮੁਲਜਮਾਂ ਕੋਲੋਂ 2 ਪਿਸਟਲ (30 ਬੋਰ), 18 ਜਿੰਦਾ ਕਾਰਤੂਸ ਅਤੇ ਇਕ ਕਾਲੇ ਰੰਗ ਦੀ ਸਕਾਰਪਿਉ ਗੱਡੀ ਬਰਾਮਦ ਕੀਤੀ ਗਈ ਹੈ। ਇਹ ਗੱਡੀ ਪਰਕਸੀ ਵਾਸੀ ਉੱਤਮ ਨਗਰ ਪੱਛਮੀ ਦਿੱਲੀ ਦੇ ਨਾਮ ਤੇ ਰਜਿਸਟਰਡ ਹੈ।
ਉਨ੍ਹਾਂ ਦੱਸਿਆ ਕਿ ਮੁਲਜਮ ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਨੂੰ ਜਿਲਾ ਮੁਹਾਲੀ ਦੇ ਪਿੰਡ ਦੱਪਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਮੁਲਜਮਾਂ ਵਲੋਂ ਕੀਤੇ ਖੁਲਾਸੇ ਉਪਰੰਤ ਮੁਲਜਮ ਸਤੀਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਤੀਸ਼ ਕੁਮਾਰ ਸੱਟੇਬਾਜੀ ਦਾ ਕੰਮ ਕਰਦਾ ਹੈ ਅਤੇ ਸਤੀਸ਼ ਦੇ ਕਹਿਣ ਤੇ ਹੀ ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਅੰਮ੍ਰਿਤਸਰ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ ਜਦੋਂ ਰਸਤੇ ਵਿੱਚ ਪੁਲੀਸ ਨੇ ਗੁਪਤ ਸੂਚਨਾ ਮਿਲਣ ਤੇ ਰਸਤੇ ਵਿੱਚ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਉਕਤ ਮੁਲਜਮਾਂ ਵਿਰੁਧ ਹਰਿਆਣਾ ਅਤੇ ਦਿੱਲੀ ਵਿੱਚ ਕਈ ਸੰਗੀਨ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਕਾਬੂ ਕੀਤੇ ਮੁਲਜਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਸਲਾ ਕਿਥੋਂ ਲੈ ਕੇ ਆਏ ਹਨ ਅਤੇ ਅੱਗੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹਰਿਆਣਾ ਦੇ ਰਹਿਣ ਵਾਲੇਅਮਿਤਗੁਲੀਆ ਨਾਮ ਦੇ ਮੁਲਜਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲੀਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।