ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 3 ਲੱਖ 21 ਹਜ਼ਾਰ 163 ਨੂੰ ਪਾਸ ਕਰ ਦਿੱਤਾ ਗਿਆ ਜਿਨ੍ਹਾਂ ਦਾ ਨਤੀਜਾ 99.93 ਫ਼ੀਸਦੀ ਰਿਹਾ। ਹਾਲਾਂ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰੀਖਿਆਵਾਂ ਨਾ ਹੋ ਸਕਣ ਵਾਲਾ ਇਹ ਦੂਜਾ ਅਕਾਦਮਿਕ ਵਰ੍ਹਾ ਸੀ ਪਰ ਬੋਰਡ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ਐਲਾਨੇ ਨਤੀਜੇ ਵਿਚ ਵੀ ਕੁੜੀਆਂ ਦਾ ਨਤੀਜਾ ਮੁੰਡਿਆਂ ਨਾਲੋਂ 0.2 ਫ਼ੀਸਦੀ ਵਧੇਰੇ ਹੈ। ਸੂਬੇ ਭਰ ’ਚ 4 ਮਈ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਵਾਸਤੇ 1 ਲੱਖ 44 ਹਜ਼ਾਰ 796 ਕੁੜੀਆਂ ਨੇ ਪ੍ਰੀਖਿਆਵਾਂ ਵਾਸਤੇ ਰਜਿਸਟੇ੍ਰਸ਼ਨ ਕਰਵਾਈ ਸੀ ਜਿਨ੍ਹਾਂ ਵਿਚੋਂ (1 ਲੱਖ 44 ਹਜ਼ਾਰ 714) 99.94 ਫ਼ੀਸਦੀ ਕੁੜੀਆਂ ਪਾਸ ਜਦ ਕਿ 1 ਲੱਖ 76 ਹਜ਼ਾਰ 588 ਮੁੰਡਿਆਂ ਵਿਚੋਂ (1 ਲੱਖ 76 ਹਜ਼ਾਰ 540) 99.92 ਫ਼ੀਸਦੀ ਪਾਸ ਐਲਾਨੇ ਗਏ ਹਨ।
ਵੇਰਵਿਆਂ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਵਾਸਤੇ ਪੰਜਾਬ ਦੇ ਵੱਖ-ਵੱਖ 7592 ਸਕੂਲਾਂ ਦੇ ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ ਜਿਨ੍ਹਾਂ ਵਿਚੋਂ 7441 ਸਕੂਲਾਂ ਦਾ ਨਤੀਜਾ 100 ਫ਼ੀਸਦੀ ਰਿਹਾ। ਪਾਸ ਪ੍ਰਤੀਸ਼ਤਤਾ ਵਿਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦੀ ਵਧੇਰੇ ਰਿਹਾ। ਜਾਣਕਾਰੀ ਅਨੁਸਾਰ ਸੂਬੇ ਦੇ 3648 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ (ਸਮੇਤ ਹੋਰ ਮਾਪਦੰਡ ) ਦੇ ਆਧਾਰ ’ਤੇ ਪਾਸ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 3576 ਸਕੂਲਾਂ ਸਕੂਲ ਅਜਿਹੇ ਹਨ ਜਿਨ੍ਹਾਂ ਦੇ ਸਾਰੇ ਵਿਦਿਆਰਥੀ ਪਾਸ ਹੋ ਗਏ ਦੂਜੇ ਪਾਸੇ ਸੂਬੇ ਦੇ ਪ੍ਰਾਈਵੇਟ/ਗ਼ੈਰ ਸਰਕਾਰੀ 3944 ਸਕੂਲਾਂ ਵਿਚੋਂ 3648 ਸਕੂਲਾਂ ਦਾ ਨਤੀਜਾ 100 ਫ਼ੀਸਦੀ ਹੋ ਨਿਬੜਿਆ। ਇਸੇ ਤਰ੍ਹਾਂ ਦਸਵੀਂ ਜਮਾਤ ਦੀ ਪ੍ਰੀਖਿਆ ’ਚ ਪੇਂਡੂ ਸਕੂਲਾਂ ਦੇ ਵਿਦਿਆਰਥੀ ਸ਼ਹਿਰੀਆਂ ਨਾਲ ਇਸ ਵਾਰ ਅੱਗੇ ਰਹੇ, ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿਚੋਂ ਕੁੱਲ 1 ਲੱਖ 5 ਹਜ਼ਾਰ 857 ਵਿਦਿਆਰਥੀ ਪ੍ਰੀਖਿਆਵਾਂ ਲਈ ਯੋਗ ਘੋਸ਼ਿਤ ਕੀਤੇ ਗਏ ਸਨ ਤੇ1 ਲੱਖ 5 ਹਜ਼ਾਰ 755 ਪਾਸ ਹੋ ਗਏ ਜਿਨ੍ਹਾਂ ਦਾ ਨਤੀਜਾ 99.90 ਫ਼ੀਸਦੀ ਰਿਹਾ। ਦੂਜੇ ਪਾਸੇ ਪਿੰਡਾਂ ਦੇ ਸਕੂਲਾਂ ਵਿਚੋਂ 2 ਲੱਖ 15 ਹਜ਼ਾਰ 527 ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ ਜਿਨ੍ਹਾਂ ਵਿਚੋਂ 2 ਲੱਖ 15 ਹਜ਼ਾਰ 408 ਵਿਦਿਆਰਥੀ 99.94 ਫ਼ੀਸਦੀ ਨਤੀਜਿਆਂ ਨਾਲ ਐਲਾਨੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵਰਿੰਦਰ ਭਾਟੀਆ ਨੇ ਕਿਹਾ ਕਿ ਇਸ ਵਾਰ ਵਿਦਿਆਰਥੀਆਂ ਨੂੰ ਗ੍ਰੇਡ ਤੇ ਅੰਕ ਪ੍ਰਤੀਸ਼ਤਤਾ ਵੀ ਨੰਬਰ ਕਾਰਡਾਂ ਵਿਚ ਦਿੱਤੀ ਜਾਵੇਗੀ।