ਜ਼ੀਰਕਪੁਰ : ਪਟਿਆਲਾ ਸੜਕ ਤੇ ਇਤਿਹਾਸਕ ਪਿੰਡ ਨਾਭਾ ਸਾਹਿਬ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਸੀਵਰ ਓਵਰਫਲੋਅ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦੇ ਹੱਲ ਅਤੇ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਾਈ ਗਰਾਊਂਡ ਰੋਡ ਤੋਂ ਪਟਿਆਲਾ ਰੋਡ ਤੱਕ ਨਵੀਆਂ ਵੱਡਿਆਂ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਕੰਮ ਦਾ ਉਦਘਾਟਨ ਕਰਕੇ ਇੱਕ ਅਹਿਮ ਕਦਮ ਚੁੱਕਿਆ ਹੈ। ਇਹ ਪ੍ਰੋਜੈਕਟ ਰਾਹੀਂ ਕਰੀਬ ਡੇਢ ਕਿਲੋਮੀਟਰ ਵਿੱਚ ਅਤੇ ਇਸ 'ਤੇ 65 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਕੰਮ 3 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਉਦਘਾਟਨ ਸਮਾਰੋਹ ਗੁਰੂ ਤੇਗ ਬਹਾਦਰ ਨੇਚਰ ਪਾਰਿਕ ਦੇ ਨਜ਼ਦੀਕ ਆਯੋਜਿਤ ਕੀਤਾ ਗਿਆ ਜਿੱਥੇ ਵਾਰਡ ਕੌਂਸਲਰ, ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਦੇ ਨਿਵਾਸੀ ਮੌਜੂਦ ਰਹੇ। ਇਸ ਮੌਕੇ ਵਿਧਾਇਕ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਇਸ ਪ੍ਰੋਜੈਕਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਨਾਲ ਨਾਭਾ ਸਾਹਿਬ ਦੇ ਲੋਕਾਂ ਦੇ ਨਾਲ-ਨਾਲ ਭਬਾਤ ਖੇਤਰ ਦੀਆਂ ਸੁਸਾਇਟੀਆਂ ਦੇ ਵਸਨੀਕਾਂ ਨੂੰ ਕੀ ਲਾਭ ਹੋਵੇਗਾ। ਉਨ੍ਹਾਂ ਕਿਹਾ, "ਸੀਵਰੇਜ ਦੇ ਓਵਰਫਲੋਅ ਦਾ ਮੁੱਦਾ ਨਾਭਾ ਸਾਹਿਬ ਦੇ ਵਸਨੀਕਾਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਨਵੀਆਂ ਸੀਵਰੇਜ ਦੀਆਂ ਪਾਈਪਾਂ ਪੈਣ ਨਾਲ, ਇਸ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਹੋਵੇਗਾ। ਵਿਧਾਇਕ ਰੰਧਾਵਾ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਸਹਿਯੋਗ ਦੇਣ। ਉਨ੍ਹਾਂ ਅੱਗੇ ਕਿਹਾ, ਕਿ ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡੇਰਾਬੱਸੀ ਹਲ਼ਕੇ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ। ਅਸੀਂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੇ ਹਾਂ ਕਿਉਂਕਿ ਪੁਰਾਣੇ ਸਿਆਸਤਦਾਨਾਂ ਨੇ ਕੇਵਲ ਆਪਣਾ ਹੀ ਵਿਕਾਸ ਕੀਤਾ ਜਦਕੀ ਜ਼ੀਰਕਪੁਰ ਸ਼ਹਿਰ ਜੋ ਕਿ ਸ਼ਾਨਦਾਰ ਸ਼ਹਿਰ ਬਣ ਸੱਕਦਾ ਸੀ ਨੂੰ ਸਮੱਸਿਆਵਾਂ ਦਾ ਕੇਂਦਰ ਬਣਾ ਕੇ ਰੱਖ ਦਿੱਤਾ ਹੈ ਜਿਸ ਦੀ ਉਲਝੀ ਤਾਣੀ ਨੂੰ ਉਨ੍ਹਾਂ ਵੱਲੋਂ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਤੌਰ ਵਿਧਾਇਕ ਉਨ੍ਹਾਂ ਦਾ ਫਰਜ ਬਣਦਾ ਹੈ ਕਿ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤਾ ਪੈਸਾ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਲਈ ਲੋਕਾਂ ਤੇ ਹੀ ਖਰਚਿਆ ਜਾਵੇ।