ਸੁਨਾਮ : ਡੀਏਵੀ ਪਬਲਿਕ ਸਕੂਲ ਸੁਨਾਮ ਦਾ ਤਿੰਨ ਰੋਜ਼ਾ ਸਾਲਾਨਾ ਖੇਡ ਮੇਲਾ ਸ਼ਨਿੱਚਰਵਾਰ ਨੂੰ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਅਦਾ ਕੀਤੀ। ਇਸ ਮੌਕੇ ਐਸਡੀਐਮ ਪ੍ਰਮੋਦ ਸਿੰਗਲਾ, ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ, ਐਡਵੋਕੇਟ ਪਰਮਿੰਦਰ ਸਿੰਘ ਅਤੇ ਉੱਜਵਲ ਜੈਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕਰਨ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀ ਦੇ ਸਰਵਪੱਖੀ ਵਿਕਾਸ ਲਈ ਨੌਜਵਾਨਾਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਸ਼ਰੀਰਕ ਤੰਦਰੁਸਤੀ ਦੇ ਨਾਲ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਟੀਚਾ ਮਿੱਥਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਲਈ ਮਿਆਰੀ ਸਿੱਖਿਆ ਹਾਸਲ ਕਰਨ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਪੀ.ਐਸ. ਧਾਲੀਵਾਲ, ਮੈਨੇਜਰ ਤੇ ਸਿੱਖਿਆ ਸਲਾਹਕਾਰ ਡਾਕਟਰ ਡੌਲੀ ਰਾਏ, ਸੀਨੀਅਰ ਕਮੇਟੀ ਮੈਂਬਰ ਡਾਕਟਰ ਪੁਰਸ਼ੋਤਮ ਵਸ਼ਿਸ਼ਟ ਵੀ ਹਾਜ਼ਰ ਸਨ | ਪ੍ਰਬੰਧਕ ਕਮੇਟੀ ਮੈਂਬਰ ਸਤਿੰਦਰ ਸਿੰਘ ਧਾਲੀਵਾਲ, ਡਾਕਟਰ ਅੰਬਰੀਸ਼ ਰਾਏ ਨੇ ਪ੍ਰਿੰਸੀਪਲ ਵੀ.ਪੀ.ਗੁਪਤਾ ਅਤੇ ਵਾਈਸ ਪ੍ਰਿੰਸੀਪਲ ਅੰਤੂ ਗਰਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।