ਚੰਡੀਗੜ੍ਹ : ਮੋਹਾਲੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਐਫ.ਆਈ.ਆਰ. ਪਰਵਿੰਦਰ ਸਿੰਘ ਸੋਹਾਣਾ ਵਲੋਂ ਮੋਹਾਲੀ ਦੇ ਪਿੰਡ ਕੁੰਭੜਾ ਵਿਚ ਹੋਏ ਹਮਲੇ ਦੌਰਾਨ ਕਤਲ ਹੋਏ ਦੋ ਬੱਚਿਆਂ ਦੇ ਹੱਕ ਵਿਚ ਧਰਨੇ ਵਿਚ ਸ਼ਾਮਿਲ ਹੋਣ ਕਾਰਨ ਕੀਤੀ ਗਈ ਹੈ।
ਇਸ ਸਬੰਧੀ ਵਿਚ ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਪੁਲਿਸ ਦਾ ਏ.ਐਸ.ਆਈ. ਦੋ ਸਿਪਾਹੀਆਂ ਸਮੇਤ 68-69 ਦੀਆਂ ਟ੍ਰੈਫਿਕ ਲਾਇਟਾਂ ਉੱਤੇ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਸੈਕਟਰ 68-69 ਟ੍ਰੈਫਿਕ ਲਾਇਟਾਂ ਏਅਰਪੋਰਟ ਰੋਡ ਦੇ ਵਿਚਕਾਰ ਪਰਵਿੰਦਰ ਸਿੰਘ ਬੈਦਵਾਨ ਹਲਕਾ ਯੂਥ ਪ੍ਰਧਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਬੜਾ, ਪ੍ਰਧਾਨ ਰੇਹੜੀ ਫੜੀ ਯੂਨੀਅਨ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੇ ਪਿੰਡ ਕੁੰਭੜਾ ਵਿਖੇ ਨੌਜਵਾਨ ਦਮਨ ਦੀ ਮੌਤ ਸਬੰਧੀ ਇਕੱਠੇ ਹੋਏ ਵੇਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਭੜਕਾ ਕੇ ਮੁੱਖ ਮਾਰਗ ਤੇ ਲਿਆ ਕੇ ਖਤਰਨਾਕ ਤਰੀਕੇ ਨਾਲ ਮੁੱਖ ਮਾਰਗ ਦੀ ਆਵਾਜਾਈ ਵਿੱਚ ਵਿਘਨ ਪਾਇਆ ਹੈ। ਇਸ ਵਿਘਨ ਨਾਲ ਆਮ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ।
ਡਾਲੀ ਸੇ ਟੂਟ ਜਾਏਂਗੇ-ਵੋਹ ਫੂਲ ਨਹੀਂ ਹੈਂ ਹਮ,
ਤੂਫਾਂ ਕੋ ਕੋਈ ਕਹਿਦੋ, ਔਕਾਤ ਮੇਂ ਰਹੇ..!: ਪਰਵਿੰਦਰ ਸੋਹਾਣਾ
ਪਿਛਲੇ ਦਿਨੀਂ ਪਿੰਡ ਕੁੰਭੜਾ ਵਿਖੇ ਪਰਵਾਸੀ ਮਜਦੂਰਾਂ ਵੱਲੋਂ ਕਥਿਤ ਤੌਰ ਤੇ ਕਤਲ ਕੀਤੇ ਗਏ ਪਿੰਡ ਦੇ ਦੋ ਨੌਜਵਾਨਾਂ ਦੇ ਸਕੇ-ਸਬੰਧੀਆਂ, ਪਰਿਵਾਰਕ ਮੈੰਬਰਾਂ, ਪਿੰਡ ਕੁੰਭੜਾ ਅਤੇ ਇਲਾਕਾ ਵਾਸੀਆਂ ਵੱਲੋਂ ਇੱਕ ਨੌਜਵਾਨ ਦਾ ਮਿ੍ਰਤਕ ਸ਼ਰੀਰ ਸੜਕ ਵਿਚਾਲੇ ਰੱਖ ਕੇ ਲਗਾਏ ਜਾਮ ਦੌਰਾਨ, ਦਾਸ ਪਰਵਿੰਦਰ ਸਿੰਘ ਸੋਹਾਣਾ ਨੇ ਆਪਣਾ ਨੈਤਿਕ ਫਰਜ ਤੇ ਜਿੰਮੇਵਾਰੀ ਸਮਝਦਿਆਂ ਸ਼ਿਰਕਤ ਕੀਤੀ ਸੀ। ਇਸ ਦੇ ਇਵਜ ਵਜੋਂ ਦਾਸ ਉੱਤੇ ਮੁਹਾਲੀ ਪੁਲੀਸ-ਪ੍ਰਸ਼ਾਸਨ ਵੱਲੋਂ ਫੇਜ ਅੱਠ ਦੇ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਮੈਂ ਮੁਹਾਲੀ ਪੁਲੀਸ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਪਰਚੇ ਮੈਨੂੰ ਲੋਕਾਂ ਦੇ ਹੱਕ ਵਿੱਚ ਖੜਣ ਤੋਂ ਨਹੀਂ ਰੋਕ ਸਕਦੇ। ਜੇਕਰ ਪ੍ਰਸ਼ਾਸ਼ਨ ਨੂੰ ਕੋਈ ਭੁਲੇਖਾ ਹੋਵੇ ਕਿ ਅਜਿਹੇ ਪਰਚਿਆਂ ਨਾਲ ਮੈਨੂੰ ਡਰਾਇਆ ਜਾਂ ਲੋਕਾਂ ਦੇ ਨਾਲ ਖੜ੍ਹਨ ਤੋੰ ਹਟਾਇਆ ਜਾ ਸਕਦਾ ਹੈ ਤਾਂ ਇਹ ਪੁਲੀਸ ਪ੍ਰਸ਼ਾਸ਼ਨ ਨੂੰ ਬਹੁਤ ਵੱਡਾ ਭੁਲੇਖਾ ਹੈ। ਅਜਿਹੇ ਪਰਚੇ ਮੈਨੂੰ ਨਾ ਡਰਾ ਸਕਦੇ ਨੇ, ਨਾ ਥਿੜਕਾ ਸਕਦੇ ਨੇ..ਮੁਹਾਲੀ ਹਲਕਾ ਮੇਰਾ ਪਰਿਵਾਰ ਹੈ..ਮੇਰੇ ਹਲਕੇ ਦੇ ਕਿਸੇ ਵੀ ਵਸਨੀਕ ਨਾਲ ਜਦੋਂ ਵੀ ਕਿਤੇ ਧੱਕਾ ਹੋਵੇਗਾ, ਜਦੋਂ ਵੀ ਕਿਤੇ ਪੁਲੀਸ ਇਨਸਾਫ ਦੇਣ ਵਿੱਚ ਢਿੱਲ ਕਰੇਗੀ..ਮੈਂ ਉਸ ਲਈ ਆਵਾਜ ਉਠਾਉਣ ਤੋਂ, ਸੰਘਰਸ਼ ਕਰਨ ਤੋਂ ਕਦਾਚਿਤ ਗੁਰੇਜ ਨਹੀਂ ਕਰਾਂਗਾ। ਇਸ ਲਈ ਭਾਵੇਂ ਮੇਰੇ ਤੇ ਕਿੰਨੇ ਵੀ ਪਰਚੇ ਦਰਜ ਹੋ ਜਾਣ।
ਬੁਖਲਾਹਟ ਵਿੱਚ ਆ ਕੇ, ਪੁਲੀਸ ਵੱਲੋਂ ਦਰਜ ਕੀਤੇ ਪਰਚੇ ਦੀ ਸਖਤ ਨਿਖੇਧੀ ਕਰਦਾ ਹਾਂ
ਇੱਕ ਵੇਰ ਫੇਰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਕਦੇ ਵੀ ਆਪਣੇ ਹਲਕਾ ਮੁਹਾਲੀ ਨੂੰ ਪਿੱਠ ਨਹੀਂ ਦਿਖਾਵਾਂਗਾ ਤੇ ਹਮੇਸ਼ਾ ਮੂਹਰੇ ਹੋ ਕੇ ਹਲਕਾ ਵਾਸੀਆਂ ਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣਿਆ ਰਹਾਂਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ:
ਪਰਵਿੰਦਰ ਸਿੰਘ ਸੋਹਾਣਾ ਵੱਲੋਂ ਕੁੰਬੜਾ ਵਿੱਚ ਕਤਲ ਹੋਏ ਬੱਚਿਆਂ ਦੇ ਹੱਕ ਵਿੱਚ ਲਗਾਏ ਗਏ ਧਰਨੇ ਵਿੱਚ ਸ਼ਾਮਿਲ ਹੋਣਾ ਕੋਈ ਜ਼ੁਰਮ ਨਹੀਂ ਹੈ। ਇੱਕ ਪਾਸੇ ਸਰਕਾਰ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਿਖਾਉਂਦੀ ਹੈ ਤੇ ਵਿੱਤੀ ਮਦਦ ਵੀ ਕਰਦੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਹੱਕ ਵਿੱਚ ਖੜੇ ਹੋਣ ਵਾਲੇ ਲੋਕਾਂ ਦੇ ਖਿਲਾਫ ਪਰਚੇ ਦਰਜ ਕਰ ਰਹੀ ਹੈ ਜੋ ਕਿ ਬੜੀ ਮੰਦਭਾਗੀ ਗੱਲ ਹੈ।