ਮੋਹਾਲੀ : ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ, ਬੇਸ਼ੱਕ ਦੇਸ਼ ਪੱਧਰ ਉਤੇ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਇਥੇ ਦਸ ਦਈਏ ਕਿ ਮੌਤਾਂ ਦੀ ਦਰਾਂ ਵਿਚ ਕਮੀ ਵੇਖਣ ਨੂੰ ਨਹੀਂ ਮਿਲ ਰਹੀ। ਹੁਣ ਐਸਏਐਸ ਨਗਰ ਮੋਹਾਲੀ ਦੇ ਇਲਾਕੇ ਬਲੌਂਗੀ ਪਿੰਡ ਨੂੰ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ ਕਿਉਂਕਿ ਇਥੇ ਇਕ ਦਿਨ ਵਿਚ 100 ਤੋਂ ਵੱਧ ਕੋਰੋਨਾ ਕੇ ਮਾਮਲੇ ਮਿਲੇ ਸਨ। ਪੁਲਿਸ ਵੱਲੋਂ ਪਿੰਡ ਦੇ ਦੋਹਾਂ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਸਿਰਫ ਡਿਊਟੀ ਕਰਨ ਵਾਲੇ ਲੋਕਾਂ ਨੂੰ ਹੀ ਪਿੰਡ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਪਿੰਡ 'ਚ ਕਿਸੇ ਹੋਰ ਵਿਅਕਤੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਦਸਣਯੋਗ ਹੈ ਕਿ ਇਹ ਕਾਰਵਾਈ ਪ੍ਰਸ਼ਾਸਲ ਵਲੋਂ ਬੀਤੀ ਸ਼ਾਮ ਹੀ ਕਰ ਦਿਤੀ ਗਈ ਸੀ। ਅਹਿਤਿਆਤ ਵਜੋਂ ਪਿੰਡ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਵੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਨੂੰ Mohali Police ਵੱਲੋਂ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਦਾ ਇਹ ਦੂਜਾ ਪਿੰਡ ਹੈ, ਜਿਸ ਨੂੰ ਜ਼ਿਆਦਾ ਕੋਰੋਨਾ ਕੇਸ ਆਉਣ ਕਾਰਨ ਸੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਢਕੌਲੀ ਦੇ ਕੁੱਝ ਹਿੱਸਿਆਂ ਨੂੰ ਵੀ ਸੀਲ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਬਲੌਂਗੀ 'ਚ 50 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਹੈ, ਜਿੱਥੇ ਜ਼ਿਆਦਾਤਰ ਪਰਵਾਸੀ ਲੋਕ ਰਹਿੰਦੇ ਹਨ। ਪਿੰਡ 'ਚ ਅਚਾਨਕ ਇੰਨੇ ਕੋਰੋਨਾ ਕੇਸਾਂ ਦਾ ਆਉਣਾ ਖ਼ਤਰੇ ਦੀ ਗੱਲ ਮੰਨੀ ਜਾ ਰਹੀ ਹੈ।